ਸਰਕਾਰ ਵੱਲੋਂ ਅਧਿਆਪਕਾਂ ’ਤੇ ਕਾਰਵਾਈ ਦੀ ਤਿਆਰੀ, ਡੀ ਈ ਓਜ਼ ਤੋਂ ਰਿਪੋਰਟ ਤਲਬ
12 ਦਸੰਬਰ, 2025 – ਮੋਗਾ : ਸੂਬੇ ’ਚ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਸਰਕਾਰ ਵੱਲੋਂ ਵਿਸ਼ੇਸ਼ ਕਦਮ ਚੁੱਕੇ ਜਾਣ ਦੌਰਾਨ ਐਤਕੀਂ 17 ਜ਼ਿਲ੍ਹਿਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਦਾਖਲੇ ਘੱਟ ਗਏ ਹਨ। ਸਰਕਾਰ ਵੱਲੋਂ ਸਬੰਧਤ ਅਧਿਆਪਕਾਂ ਖ਼ਿਲਾਫ਼ ਕਥਿਤ ਕਾਰਵਾਈ ਦੇ ਮੱਦੇਨਜ਼ਰ ਡੀ ਈ ਓਜ਼ (ਐਲੀਮੈਂਟਰੀ) ਤੋਂ ਵਿਸ਼ੇਸ਼ ਪ੍ਰੋਫਾਰਾਮੇ ਮੁਤਾਬਕ ਰਿਪੋਰਟ ਤਲਬ ਕੀਤੀ ਗਈ ਹੈ।
ਸਥਾਨਕ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨਿਸ਼ਾਨ ਸਿੰਘ ਨੇ ਸਰਕਾਰ ਵੱਲੋਂ ਰਿਪੋਰਟ ਤਲਬ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੋਗਾ ਜ਼ਿਲ੍ਹੇ ’ਚ ਦਾਖ਼ਲੇ ਨਹੀਂ ਘਟੇ, ਸਗੋਂ ਇੱਕ ਫ਼ੀਸਦੀ ਵਧੇ ਹਨ।
ਸੂਬੇ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਨੇ 8 ਦਸੰਬਰ ਨੂੰ ਰਾਜ ਭਰ ਦੇ ਡੀ ਈ ਓਜ਼ (ਐਲੀਮੈਂਟਰੀ) ਨੂੰ ਲਿਖੇ ਪੱਤਰ ਵਿਚ ਆਖਿਆ ਗਿਆ ਹੈ ਕਿ ਰਾਜ ਨਜ਼ਰਸਾਨੀ ਮੀਟਿੰਗ ਦੌਰਾਨ ਪਤਾ ਲੱਗਾ ਹੈ ਕਿ ਆਪ ਦੇ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ (ਪੀ ਪੀ ਟੀ ਅਨੁਸਾਰ) ਬੱਚਿਆਂ ਦੀ ਗਿਣਤੀ ਘਟੀ ਹੈ ਪਰ ਇਨ੍ਹਾਂ ਸਕੂਲਾਂ ਵਿਚ ਅਧਿਆਪਕ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰ ਰਹੇ ਹਨ। ਸੈਸ਼ਨ 2021-22, 2022-23, 2023-24 ਦੇ ਮੁਕਾਬਲੇ ਸੈਸ਼ਨ 2024-25 ਤੇ 2025-26 ਵਿਚ ਬੱਚਿਆਂ ਦੀ ਗਿਣਤੀ ਘਟੀ ਹੈ। ਇਸ ਸਮੇਂ ਦੌਰਾਨ ਇਨ੍ਹਾਂ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਦਾ ਪ੍ਰਦਰਸ਼ਨ ਮਾੜਾ ਹੈ, ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘਟੀ ਹੈ, ਉਨ੍ਹਾਂ ਸਕੂਲਾਂ ਦੇ ਈ ਟੀ ਟੀ , ਹੈੱਡ ਟੀਚਰ, ਸੈਂਟਰ ਹੈੱਡ ਟੀਚਰਾਂ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (ਬੀ ਪੀ ਈ ਓਜ਼) ਤੋਂ ਜੁਆਬ ਤਲਬ ਕੀਤਾ ਗਿਆ ਹੈ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ 17 ਜ਼ਿਲ੍ਹਿਆਂ ਵਿਚ ਇਹ ਗਿਣਤੀ ਘਟੀ ਹੈ।
ਸਕੂਲ ਸਿੱਖਿਆ ਵਿਭਾਗ ਹੁਣ ਸਿੱਖਿਆ ਖੇਤਰ ਵਿੱਚ ਸਕੂਲ ਪ੍ਰਬੰਧਨ ਕਮੇਟੀਆਂ ਦੇ ਸਹਿਯੋਗ ਨਾਲ ਸੂਬੇ ਦੇ ਸਾਰੇ ਸਕੂਲਾਂ ਵਿੱਚ ‘ਮਾਪਿਆਂ ਦੀ ਭਾਗੀਦਾਰੀ’ ਸਿਰਲੇਖ ਵਾਲੀ ਵਰਕਸ਼ਾਪਾਂ ਦੀ ਵੱਡੀ ਲੜੀ ਦਾ ਕਰਵਾ ਰਿਹਾ ਹੈ। ਵਰਕਸ਼ਾਪ ਇਸੇ ਸਾਲ 20 ਦਸੰਬਰ ਨੂੰ ਅਧਿਕਾਰਤ ਤੌਰ ’ਤੇ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਸਿੱਧੇ ਅਤੇ ਪ੍ਰਭਾਵਸ਼ਾਲੀ ਸੰਚਾਰ ਦੀ ਸਹੂਲਤ ਲਈ ਸੂਬਾ ਪੱਧਰੀ ਮੈਗਾ ਪੀ ਟੀ ਐੱਮ (ਮੈਗਾ ਪੀ ਟੀ ਐਮ) ਹੋਵੇਗੀ।
Top of Form
ਸਕੂਲਾਂ ’ਚ ਦਾਖਲੇ ਘਟਣ ਦਾ ਕਾਰਨ ਗ਼ੈਰ–ਵਿਦਿਅਕ ਕੰਮ: ਡੀ ਟੀ ਐੱਫ
ਚੰਡੀਗੜ੍ਹ : ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਨੇ ਪੰਜਾਬ ਦੇ 17 ਜ਼ਿਲ੍ਹਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲੇ ਘਟਣ ਦਾ ਕਾਰਨ ਅਧਿਆਪਕਾਂ ਵੱਲੋਂ ਕਰਵਾਏ ਜਾ ਰਹੇ ਗ਼ੈਰ-ਵਿਦਿਅਕ ਕੰਮਾਂ ਨੂੰ ਦੱਸਿਆ ਹੈ। ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪਿਛਲੇ ਦਿਨੀਂ 3 ਦਸੰਬਰ ਨੂੰ ਚੰਡੀਗੜ੍ਹ ’ਚ ਹੋਈ ਸਟੇਟ ਰੀਵਿਊ ਮੀਟਿੰਗ ’ਚ ਪ੍ਰਾਇਮਰੀ ਸਕੂਲਾਂ ਦੇ ਦਾਖਲੇ ਘਟਣ ਬਾਰੇ ਖੁਲਾਸਾ ਹੋਇਆ ਹੈ। ਇਸ ਖੁਲਾਸੇ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਦੇ ਇੱਕ ਦਿਨ ’ਚ ਇੱਕ ਲੱਖ ਦਾਖਲਿਆਂ ਬਾਰੇ ਦਾਅਵੇ ਦੀ ਪੋਲ ਖੋਲ਼੍ਹ ਦਿੱਤੀ ਹੈ। ਸਰਕਾਰ ਵੱਲੋਂ ਅਧਿਆਪਕਾਂ ਤੋਂ ਸਕੂਲਾਂ ਵਿੱਚ ਪੜ੍ਹਾਉਣ ਦਾ ਕੰਮ ਛੁਡਵਾ ਕੇ ਡੇਟਾ ਐਂਟਰੀ ਅਪਰੇਟਰ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਤੋਂ ਲਏ ਜਾਂਦੇ ਹਰ ਤਰ੍ਹਾਂ ਦੇ ਗ਼ੈਰ-ਵਿਦਿਅਕ ਕੰਮ ਬੰਦ ਕਰਵਾਏ ਜਾਣ।
Bottom of Form
ਪੰਜਾਬੀ ਟ੍ਰਿਬਯੂਨ