ਨੀਤੀ ਰੱਦ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ
18 ਦਸੰਬਰ, 2025 – ਸਿਰਸਾ : ਐੱਚ ਐੱਈ ਬੀ ਦੇ ਬੈਨਰ ਹੇਠ ਬਿਜਲੀ ਮੁਲਾਜ਼ਮਾਂ ਦਾ ਆਨਲਾਈਨ ਤਬਦਾਲਾ ਨੀਤੀ ਦੇ ਵਿਰੁੱਧ ਅੱਜ ਵੀ ਪ੍ਰਦਰਸ਼ਨ ਜਾਰੀ ਰਿਹਾ। ਇਸ ਵਿਰੋਧ ਪ੍ਰਦਰਸ਼ਨ ਦੀ ਪ੍ਰਧਾਨਗੀ ਸਿਟੀ ਯੂਨਿਟ ਦੇ ਪ੍ਰਧਾਨ ਸੀਤਾਰਾਮ ਸੋਨੀ ਅਤੇ ਸਬ-ਸ਼ਹਿਰੀ ਯੂਨਿਟ ਦੇ ਪ੍ਰਧਾਨ ਮਨੋਜ ਕੰਬੋਜ ਨੇ ਸਾਂਝੇ ਤੌਰ ’ਤੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਬਿਜਲੀ ਘਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਕਾਰਨ ਬਿਜਲੀ ਦੀਆਂ ਲਾਈਨਾਂ ’ਚ ਪਏ ਨੁਕਸ ਠੀਕ ਕਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਸੂਬਾ ਪ੍ਰੈੱਸ ਸਕੱਤਰ ਸ਼ਿਆਮ ਲਾਲ ਖੋਡ ਅਤੇ ਸਰਕਲ ਸਕੱਤਰ ਸਤਿੰਦਰ ਮੋਂਗਾ ਨੇ ਕਿਹਾ ਕਿ ਨਿਗਮ ਪ੍ਰਬੰਧਨ ਆਨਲਾਈਨ ਤਬਾਦਲਾ ਨੀਤੀ ਪ੍ਰਤੀ ਮੂਕ ਦਰਸ਼ਕ ਬਣਿਆ ਹੋਇਆ ਹੈ। ਸਿਟੀ ਯੂਨਿਟ ਦੇ ਪ੍ਰਧਾਨ ਸੀਤਾਰਾਮ ਨੇ ਕਿਹਾ ਕਿ ਜਦੋਂ ਤੱਕ ਇਸ ਨੀਤੀ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਯੂਨੀਅਨ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖੇਗੀ। ਇਸ ਵਿਰੋਧ ਪ੍ਰਦਰਸ਼ਨ ਵਿੱਚ ਇੰਡਸਟਰੀਅਲ ਏਰੀਆ, ਨਾਥੂਸਰੀ, ਜੀਵਨ ਨਗਰ, ਰਾਣੀਆਂ, ਮਾਧੋਸਿੰਘਾਨਾ ਅਤੇ ਪੰਜੂਆਣਾ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਮੌਕੇ ਨਾਥੂਸਰੀ ਸਬ ਯੂਨਿਟ ਦੇ ਪ੍ਰਧਾਨ ਰਾਕੇਸ਼ ਜਾਂਗੜਾ, ਸਕੱਤਰ ਸੁਨੀਲ ਜਾਖੜ, ਜੀਵਨ ਨਗਰ ਸਰਕਲ ਦੇ ਪ੍ਰਧਾਨ ਸੁਰਿੰਦਰ ਪੂਨੀਆ, ਮਾਧੋਸਿੰਘਾਣਾ ਦੇ ਪ੍ਰਧਾਨ ਜਸਪਾਲ, ਰਾਣੀਆਂ ਦੇ ਪ੍ਰਧਾਨ ਰਾਮਪ੍ਰਤਾਪ, ਸਹਿ ਸਕੱਤਰ ਉਮਾਸ਼ੰਕਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਵੱਖ-ਵੱਖ ਯੂਨਿਟਾਂ ਦੇ ਕਰਮਚਾਰੀ ਵੱਡੀ ਗਿਣਤੀ ’ਚ ਮੌਜੂਦ ਸਨ।
ਪੰਜਾਬੀ ਟ੍ਰਿਬਯੂਨ