ਸਰਦੀ ਰੁੱਤ ਦੀ ਅਜੇ ਤੱਕ ਪਹਿਲੀ ਬਾਰਸ਼ ਨਾ ਹੋਣ ਸਦਕਾ ਹਵਾ ਵਿਚ ਨਮੀ ਦੀ ਘਾਟ ਕਾਰਨ ਪੈ ਰਹੀ ਸੁੱਕੀ ਠੰਢ ਨੇ ਫ਼ਸਲਾਂ ਦਾ ਵਾਧਾ ਰੋਕ ਦਿੱਤਾ ਹੈ। ਖੇਤੀਬਾੜੀ ਮਹਿਕਮੇ ਨੇ ਫ਼ਸਲਾਂ ਨੂੰ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ ਅਤੇ ਨਾਲ…
22 ਦਸੰਬਰ, 2025 – ਮਾਨਸਾ : ਸਰਦੀ ਰੁੱਤ ਦੀ ਅਜੇ ਤੱਕ ਪਹਿਲੀ ਬਾਰਸ਼ ਨਾ ਹੋਣ ਸਦਕਾ ਹਵਾ ਵਿਚ ਨਮੀ ਦੀ ਘਾਟ ਕਾਰਨ ਪੈ ਰਹੀ ਸੁੱਕੀ ਠੰਢ ਨੇ ਫ਼ਸਲਾਂ ਦਾ ਵਾਧਾ ਰੋਕ ਦਿੱਤਾ ਹੈ। ਖੇਤੀਬਾੜੀ ਮਹਿਕਮੇ ਨੇ ਫ਼ਸਲਾਂ ਨੂੰ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਲੋੜੀਂਦੀ ਯੂਰੀਆ ਖਾਦ ਖਿਲਾਰਨ ਦੀ ਅਪੀਲ ਕੀਤੀ ਹੈ। ਮੀਂਹ ਨਾ ਪੈਣ ਕਾਰਨ ਬਰਾਨੀ ਖੇਤਾਂ ਵਿਚ ਖੜ੍ਹੀ ਸਰੋਂ, ਛੋਲੇ ਅਤੇ ਹੋਰ ਫ਼ਸਲਾਂ ਪਾਣੀ ਦੀ ਘਾਟ ਮਹਿਸੂਸ ਕਰਨ ਲੱਗੀਆਂ ਹਨ। ਉਧਰ, ਸੁੱਕੀ ਠੰਢ ਅਤੇ ਧੁੰਦ ਨੇ ਲੋਕਾਂ ਦਾ ਰਹਿਣ-ਬਸੇਰਾ ਵੀ ਪ੍ਰਭਾਵਤ ਕਰਨਾ ਆਰੰਭ ਕਰ ਦਿੱਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਕਿਹਾ ਕਿ ਇਸ ਵੇਲੇ ਬੇਸ਼ੱਕ ਅਜੇ ਦਿਨ ਵੇਲੇ ਚੰਗੀ ਧੁੱਪ ਨਿਕਲਦੀ ਹੈ, ਜਿਸ ਕਾਰਨ ਕਣਕ ਸਣੇ ਹੋਰ ਤੇਲ ਬੀਜ ਅਤੇ ਫ਼ਲੀਦਾਰ ਸਾਰੀਆਂ ਫ਼ਸਲਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਣਕ ਨੂੰ ਬਿਜਾਈ ਦੇ ਮੁਤਾਬਕ ਪਾਣੀ ਦੇਣ ਦਾ ਢੁੱਕਵਾਂ ਸਮਾਂ ਹੈ, ਜਦੋਂ ਕਿ ਸਰ੍ਹੋਂ, ਛੋਲੇ, ਸਬਜ਼ੀਆਂ, ਪਸ਼ੂਆਂ ਦਾ ਹਰਾ-ਚਾਰਾ ਪਾਣੀ ਦੀ ਲੋੜ ਮਹਿਸੂਸ ਕਰਨ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦਾ ਵਾਧਾ ਹੀ ਹੁਣ ਪਾਣੀ ਦੇਣ ਨਾਲ ਸ਼ੁਰੂ ਹੋਣਾ ਹੈ, ਜਿਸ ਕਰਕੇ ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਨੂੰ ਦਿਨ ਵੇਲੇ ਪਾਣੀ ਲਾਇਆ ਜਾਣਾ ਚਾਹੀਦਾ ਹੈ।
ਇਸੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਰਿਪੋਰਟ ਤੋਂ ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਉਤਰੀ ਭਾਰਤ ਵਿੱਚ ਲਾਗਤਾਰ ਠੰਢ ਵਧਣ ਕਾਰਨ ਰਾਤ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਅਤੇ ਦਿਨ ਵੇਲੇ ਵੀ ਠੰਡ ਵੱਧਣ ਦੀ ਮੌਸਮ ਵਿਭਾਗ ਤੋਂ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨ ਵਿੱਚ ਘੱਟੋ-ਘੱਟ ਤਾਪਮਾਨ 7 ਤੋਂ 5 ਡਿਗਰੀ ਤੱਕ ਰਹਿ ਜਾਣ ਦੀ ਸੂਚਨਾ ਮਿਲੀ ਹੈ।
ਪੰਜਾਬੀ ਟ੍ਰਿਬਯੂਨ