ਪ੍ਰਧਾਨ ਮੰਤਰੀ ਨੇ ‘ਸੰਸਦ ਖੇਲ ਮਹੋਤਸਵ’ ਨੂੰ ਸੰਬੋਧਨ ਕੀਤਾ
26 ਦਸੰਬਰ, 2025 – ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਟੀਮਾਂ ਦੀ ਚੋਣ ਅਤੇ ਖੇਡਾਂ ’ਚ ਅਕਸਰ ਹੋਣ ਵਾਲੀਆਂ ਬੇਨਿਯਮੀਆਂ ਤੇ ਕੁਨਬਾ ਪਰਵਰੀ ਦਹਾਕਾ ਪਹਿਲਾਂ ਖ਼ਤਮ ਹੋ ਗਈ; ਹੁਣ ਗਰੀਬ ਪਰਿਵਾਰਾਂ ਦੇ ਬੱਚੇ ਵੀ ਆਪਣੀ ਮਿਹਨਤ ਸਦਕਾ ਖੇਡਾਂ ਵਿੱਚ ਉੱਚ ਪੱਧਰ ਤੱਕ ਪਹੁੰਚ ਸਕਦੇ ਹਨ। ‘ਸੰਸਦ ਖੇਲ ਮਹੋਤਸਵ’ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਮਹਾਉਤਸਵ ਨੌਜਵਾਨਾਂ ਵਿੱਚ ਖੇਡਾਂ ਅਤੇ ਲੀਡਰਸ਼ਿਪ ਦੇ ਗੁਣ ਨੂੰ ਉਤਸ਼ਾਹਿਤ ਕਰਨ ਲਈ ਤਿਉਹਾਰ ਵਜੋਂ ਮਨਾਇਆ ਜਾ ਰਿਹਾ ਹੈ।
ਇਸ ਪਹਿਲਕਦਮੀ ਰਾਹੀਂ ਦੇਸ਼ ਹਜ਼ਾਰਾਂ ਹੁਨਰਮੰਦ ਖਿਡਾਰੀਆਂ ਦੀ ਖੋਜ ਕਰ ਰਿਹਾ ਹੈ। ਇਹ ਮਹਾਉਤਸਵ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਨਿਰਮਾਣ ਦੇ ਮਜ਼ਬੂਤ ਥੰਮ੍ਹ ਵਜੋਂ ਉੱਭਰ ਰਿਹਾ ਹੈ। ਇਹ ਸਮਾਜਿਕ ਸੋਚ ਨੂੰ ਬਦਲਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। 2014 ਤੋਂ ਪਹਿਲਾਂ ਟੀਮ ਦੀ ਚੋਣ ਤੇ ਖੇਡ ਬੁਨਿਆਦੀ ਢਾਂਚੇ ਵਿੱਚ ਅਕਸਰ ਗੜਬੜੀਆਂ ਹੁੰਦੀਆਂ ਸਨ, ਜੋ ਹੁਣ ਬੰਦ ਹੋ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਦੇਸ਼ ਦਾ ਖੇਡ ਬਜਟ ਜੋ 2014 ਤੋਂ ਪਹਿਲਾਂ 1200 ਕਰੋੜ ਰੁਪਏ ਤੋਂ ਘੱਟ ਸੀ, ਹੁਣ ਵਧ ਕੇ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਵਿਸ਼ੇਸ਼ ਸਕੀਮਾਂ ਰਾਹੀਂ ਅਥਲੀਟਾਂ ਨੂੰ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦੀ ਮਹੀਨਾਵਾਰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ।
ਪੰਜਾਬੀ ਟ੍ਰਿਬਯੂਨ