ਦੇਸ਼ ਦੇ 768 ਜ਼ਿਲ੍ਹਿਆਂ ਵਿੱਚ ਹੋਣਗੇ ਵੱਡੇ ਸਮਾਗਮ; ਐਸ.ਜੀ.ਪੀ.ਸੀ. ਵੱਲੋਂ ਨਾਮ ਨੂੰ ਲੈ ਕੇ ਇਤਰਾਜ਼ ਬਰਕਰਾਰ
26 ਦਸੰਬਰ, 2025 – ਚੰਡੀਗੜ੍ਹ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮਨਾਉਣ ਦੇ ਫੈਸਲੇ ’ਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ (BJP) ਆਪਣੇ ਪ੍ਰੋਗਰਾਮ ਮੁਤਾਬਕ ਅੱਗੇ ਵਧਣ ਲਈ ਤਿਆਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਹੋਰ ਸਿੱਖ ਸੰਸਥਾਵਾਂ ਇਸ ਨਾਮ ’ਤੇ ਇਤਰਾਜ਼ ਜਤਾਉਂਦੀਆਂ ਆ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ‘ਵੀਰ ਬਾਲ ਦਿਵਸ’ ਦੀ ਬਜਾਏ ਇਸ ਦਿਨ ਨੂੰ ‘ਸਾਹਿਬਜ਼ਾਦੇ ਸ਼ਹੀਦੀ ਦਿਵਸ’ ਜਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸਿਰਫ਼ ਬਹਾਦਰੀ ਦੀ ਥਾਂ ਉਨ੍ਹਾਂ ਦੀ ਲਾਸਾਨੀ ‘ਸ਼ਹਾਦਤ’ ਦੇ ਸੰਕਲਪ ਨੂੰ ਉਭਾਰਿਆ ਜਾ ਸਕੇ।
ਪੰਜਾਬ ਭਾਜਪਾ ਦੇ ਆਗੂਆਂ ਬਿਕਰਮ ਚੀਮਾ, ਦਿਆਲ ਦਾਸ ਸੋਢੀ, ਮਨਜੀਤ ਸਿੰਘ ਰਾਏ ਅਤੇ ਵਿਨੀਤ ਜੋਸ਼ੀ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਰਟੀ ਵੱਲੋਂ ਦੇਸ਼ ਦੇ 768 ਜ਼ਿਲ੍ਹਿਆਂ ਵਿੱਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਵੱਡੇ ਪੱਧਰ ’ਤੇ ਪ੍ਰੋਗਰਾਮ ਉਲੀਕੇ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਮਕਸਦ ਵੱਖ-ਵੱਖ ਭਾਸ਼ਾਵਾਂ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ।
ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਿੱਖ ਇਤਿਹਾਸ ਨੂੰ ਕੌਮੀ ਚੇਤਨਾ ਨਾਲ ਜੋੜਨ ਲਈ ‘ਵੀਰ ਬਾਲ ਦਿਵਸ’ ਐਲਾਨ ਕੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ।ਭਾਜਪਾ ਆਗੂਆਂ ਅਨੁਸਾਰ 26 ਦਸੰਬਰ ਨੂੰ ਪੰਜਾਬ ਭਰ ਵਿੱਚ ਸ਼ਬਦ ਕੀਰਤਨ, ਸੈਮੀਨਾਰ ਅਤੇ ਲੋਕ ਸੰਪਰਕ ਮੁਹਿੰਮਾਂ ਚਲਾਈਆਂ ਜਾਣਗੀਆਂ।
ਮਨਜੀਤ ਸਿੰਘ ਰਾਏ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਸਿੱਖ ਇਤਿਹਾਸ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣ ਵਰਗੇ ਕਈ ਅਹਿਮ ਕੰਮ ਕੀਤੇ ਹਨ। ਹਾਲਾਂਕਿ, ਸਿੱਖ ਪੰਥ ਦੀਆਂ ਪ੍ਰਮੁੱਖ ਸੰਸਥਾਵਾਂ ਵੱਲੋਂ ਨਾਮ ਬਦਲਣ ਦੀ ਲਗਾਤਾਰ ਕੀਤੀ ਜਾ ਰਹੀ ਮੰਗ ਕਾਰਨ ਇਹ ਮੁੱਦਾ ਸਿਆਸੀ ਅਤੇ ਧਾਰਮਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪੰਜਾਬੀ ਟ੍ਰਿਬਯੂਨ