ਬੀ ਸੀ ਸੀ ਆਈ ਦੇ ਨਿਯਮਾਂ ਕਾਰਨ ਸਟਾਰ ਖਿਡਾਰੀਆਂ ਦੀ ਵਿਜੈ ਹਜ਼ਾਰੇ ਟੀਮ ਵਿੱਚ ਵਾਪਸੀ
27 ਦਸੰਬਰ, 2025 – ਚੰਡੀਗੜ੍ਹ : ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਦੁਨੀਆ ਦੇ ਨੰਬਰ ਇੱਕ ਟੀ-20 ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਅੱਜ ਵਿਜੈ ਹਜ਼ਾਰੇ ਟਰਾਫੀ ਲਈ ਪੰਜਾਬ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਬੀਤੇ ਦਿਨੀਂ ਕੌਮੀ ਇੱਕ ਰੋਜ਼ਾ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਦੀ ਸ਼ਮੂਲੀਅਤ ਲਾਜ਼ਮੀ ਕੀਤੀ ਸੀ।
ਕੌਮੀ ਡਿਊਟੀ ਕਾਰਨ ਗਿੱਲ ਅਤੇ ਅਰਸ਼ਦੀਪ ਪੂਰੇ ਟੂਰਨਾਮੈਂਟ ਲਈ ਉਪਲਬਧ ਨਹੀਂ ਹੋਣਗੇ। 11 ਜਨਵਰੀ ਤੋਂ ਨਿਊਜ਼ੀਲੈਂਡ ਖਿਲਾਫ਼ ਸ਼ੁਰੂ ਹੋ ਰਹੀ ਇੱਕ ਰੋਜ਼ਾ ਲੜੀ ਦੇ ਮੱਦੇਨਜ਼ਰ ਇਹ ਖਿਡਾਰੀ ਸਿਰਫ਼ ਦੋ ਜਾਂ ਤਿੰਨ ਮੈਚਾਂ ਵਿੱਚ ਹੀ ਹਿੱਸਾ ਲੈ ਸਕਣਗੇ। ਦੂਜੇ ਪਾਸੇ ਅਭਿਸ਼ੇਕ ਸ਼ਰਮਾ ਦੇ ਜ਼ਿਆਦਾ ਮੈਚ ਖੇਡਣ ਦੀ ਸੰਭਾਵਨਾ ਹੈ ਕਿਉਂਕਿ ਉਹ ਸਿਰਫ਼ ਟੀ-20 ਟੀਮ ਦਾ ਹੀ ਹਿੱਸਾ ਹੈ। ਪੰਜਾਬ ਨੂੰ ਗਰੁੱਪ ‘ਸੀ’ ਵਿੱਚ ਮੁੰਬਈ ਵਰਗੀ ਮਜ਼ਬੂਤ ਟੀਮ ਨਾਲ ਰੱਖਿਆ ਗਿਆ ਹੈ।
ਪੰਜਾਬ ਆਪਣੇ ਪਹਿਲੇ ਦੋ ਮੁਕਾਬਲੇ ਮਹਾਰਾਸ਼ਟਰ (24 ਦਸੰਬਰ) ਅਤੇ ਛੱਤੀਸਗੜ੍ਹ (26 ਦਸੰਬਰ) ਖ਼ਿਲਾਫ਼ ਖੇਡੇਗਾ। ਇਨ੍ਹਾਂ ਮੈਚਾਂ ਵਿੱਚ ਸਟਾਰ ਖਿਡਾਰੀਆਂ ਦੀ ਮੌਜੂਦਗੀ ਦੀ ਪੂਰੀ ਉਮੀਦ ਹੈ। ਜੈਪੁਰ ਵਿੱਚ 8 ਜਨਵਰੀ ਨੂੰ ਪੰਜਾਬ ਅਤੇ ਮੁੰਬਈ ਵਿਚਾਲੇ ਹੋਣ ਵਾਲੇ ਮੈਚ ਦੌਰਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੋਵੇਂ ਆਪੋ-ਆਪਣੀਆਂ ਟੀਮਾਂ ਨਾਲ ਨਹੀਂ ਹੋਣਗੇ। ਪੰਜਾਬ ਦੀ ਐਲਾਨੀ ਗਈ ਟੀਮ ਵਿੱਚ ਸ਼ੁਭਮਨ, ਅਭਿਸ਼ੇਕ ਤੇ ਅਰਸ਼ਦੀਪ ਸਿੰਘ ਦੇ ਨਾਲ-ਨਾਲ ਪ੍ਰਭਸਿਮਰਨ ਸਿੰਘ, ਹਰਨੂਰ ਪੰਨੂ, ਅਨਮੋਲਪ੍ਰੀਤ ਸਿੰਘ, ਉਦੈ ਸਹਾਰਨ, ਨਮਨ ਧੀਰ, ਸਲਿਲ ਅਰੋੜਾ (ਵਿਕਟਕੀਪਰ), ਸਨਵੀਰ ਸਿੰਘ, ਰਮਨਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਨੂਰ ਬਰਾੜ, ਹਰਪ੍ਰੀਤ ਬਰਾੜ, ਰਘੂ ਸ਼ਰਮਾ, ਕ੍ਰਿਸ਼ ਭਗਤ, ਗੌਰਵ ਚੌਧਰੀ ਅਤੇ ਸੁਖਦੀਪ ਬਾਜਵਾ ਸ਼ਾਮਲ ਹਨ।
ਪੰਜਾਬੀ ਟ੍ਰਿਬਯੂਨ