ਕਈ ਦਿਨਾਂ ਤੋਂ ਨਹੀਂ ਚੁੱਕਿਆ ਕੂੜਾ; ਕੌਂਸਲ ਕੋਲ ਟਰੈਕਟਰਾਂ ’ਚ ਤੇਲ ਪੁਆਉਣ ਲਈ ਪੈਸੇ ਨਹੀਂ
29 ਦਸੰਬਰ, 2025 – ਫ਼ਰੀਦਕੋਟ : ਨਗਰ ਕੌਂਸਲ ਫ਼ਰੀਦਕੋਟ ਨੇ ਪਿਛਲੀ ਇੱਕ ਹਫ਼ਤੇ ਤੋਂ ਸ਼ਹਿਰ ਵਿੱਚੋਂ ਕੂੜਾ ਨਹੀਂ ਚੁੱਕਿਆ ਇਸ ਕਰਕੇ ਸ਼ਹਿਰ ਦੇ ਸਾਰੇ ਮੁੱਖ ਚੌਕਾਂ ਅਤੇ ਡੰਪਾਂ ਵਿੱਚ ਕੂੜੇ ਦੇ ਢੇਰ ਲੱਗ ਗਏ ਹਨ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਸੂਚਨਾ ਅਨੁਸਾਰ ਨਗਰ ਕੌਂਸਲ ਨੇ ਹਰ ਰੋਜ਼ ਸ਼ਹਿਰ ਵਿੱਚੋਂ ਕੂੜਾ ਚੁੱਕਣ ਲਈ 100 ਮੁਲਾਜ਼ਮ ਭਰਤੀ ਕੀਤੇ ਹੋਏ ਹਨ ਅਤੇ ਅੱਧੀ ਦਰਜਨ ਦੇ ਕਰੀਬ ਟਰੈਕਟਰ ਹਨ। ਨਗਰ ਕੌਂਸਲ ਪਿਛਲੇ ਲੰਬੇ ਸਮੇਂ ਤੋਂ ਉਧਾਰਾ ਤੇਲ ਲੈ ਕੇ ਕੂੜਾ ਚੁੱਕਣ ਵਾਲੇ ਟਰੈਕਟਰ ਚਲਾ ਰਹੀ ਸੀ ਪ੍ਰੰਤੂ ਹੁਣ ਸ਼ਹਿਰ ਦੇ ਪੈਟਰੋਲ ਪੰਪਾਂ ਨੇ ਨਗਰ ਕੌਂਸਲ ਨੂੰ ਉਧਾਰਾ ਤੇਲ ਦੇਣਾ ਬੰਦ ਕਰ ਦਿੱਤਾ ਜਿਸ ਕਰਕੇ ਸ਼ਹਿਰ ਵਿੱਚੋਂ ਸਾਫ, ਸਫਾਈ ਅਤੇ ਕੂੜਾ ਚੁੱਕਣ ਦਾ ਕੰਮ ਲਗਪਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।
ਇਸ ਤੋਂ ਪਹਿਲਾਂ ਨਗਰ ਕੌਂਸਲ ਫ਼ਰੀਦਕੋਟ ਦੇ ਪੈਟਰੋਲ ਪੰਪਾਂ ਤੋਂ 20 ਲੱਖ ਰੁਪਏ ਦਾ ਪੈਟਰੋਲ ਉਧਾਰ ਲੈ ਚੁੱਕੀ ਹੈ ਪ੍ਰੰਤੂ ਉਧਾਰ ਲਏ ਤੇਲ ਦੀ ਅਦਾਇਗੀ ਨਾ ਹੋਣ ਕਾਰਨ ਪੈਟਰੋਲ ਪੰਪਾਂ ਨੇ ਭਵਿੱਖ ਵਿੱਚ ਉਧਾਰ ਤੇਲ ਦੇਣਾ ਬੰਦ ਕਰ ਦਿੱਤਾ ਹੈ।
ਫ਼ਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਨਗਰ ਕੌਂਸਲ ਵਿੱਚ ਕਾਂਗਰਸ ਨੇ ਆਪਣੀ ਸਰਕਾਰ ਵੇਲੇ ਸੈਂਕੜੇ ਅਜਿਹੇ ਵਿਅਕਤੀ ਭਰਤੀ ਕੀਤੇ ਹਨ ਜੋ ਨਗਰ ਕੌਂਸਲ ਵਿੱਚ ਤਨਖਾਹ ਲੈਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।
ਪੰਜਾਬੀ ਟ੍ਰਿਬਯੂਨ