2.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਨਵਾਂਸ਼ਹਿਰ ਸਭ ਤੋਂ ਠੰਢਾ; 30 ਤੇ 31 ਨੂੰ ਸੰਘਣੀ ਧੁੰਦ ਦੀ ਪੇਸ਼ੀਨਗੋਈ
30 ਦਸੰਬਰ, 2025 – ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਵਿੱਚ ਅੱਜ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਰਿਹਾ। ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੰਘਣੀ ਧੁੰਦ ਕਰ ਕੇ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਠੰਢ ਕਾਰਨ ਨਿੱਤ ਕਮਾ ਕੇ ਖਾਣ ਵਾਲਿਆਂ ਦਾ ਕੰਮਕਾਜ ਠੱਪ ਹੋ ਗਿਆ ਹੈ। ਅੱਜ ਪੰਜਾਬ ਦਾ ਨਵਾਂਸ਼ਹਿਰ ਅਤੇ ਹਰਿਆਣਾ ਦਾ ਹਿਸਾਰ ਸਭ ਤੋਂ ਠੰਢੇ ਸ਼ਹਿਰ ਰਹੇ ਹਨ। ਨਵਾਂਸ਼ਹਿਰ ਵਿੱਚ ਘੱਟ ਤੋਂ ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਅਤੇ ਹਿਸਾਰ ਵਿੱਚ 2.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਚੱਲ ਰਹੀ ਸੀਤ ਲਹਿਰ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤੜਕੇ ਤੋਂ ਹੀ ਸੰਘਣੀ ਧੁੰਦ ਦਾ ਕਹਿਰ ਜਾਰੀ ਰਿਹਾ ਹੈ। ਸਵੇਰੇ ਕਰੀਬ 11 ਵਜੇ ਤੋਂ ਬਾਅਦ ਮੌਸਮ ਭਾਵੇਂ ਸਾਫ਼ ਹੋ ਗਿਆ ਪਰ ਧੁੱਪ ਫਿਰ ਵੀ ਨਹੀਂ ਨਿਕਲੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 30 ਤੇ 31 ਦਸੰਬਰ ਨੂੰ ਵੀ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਰਹੇਗਾ। ਇਸ ਤੋਂ ਬਾਅਦ 31 ਦਸੰਬਰ ਦੀ ਰਾਤ ਨੂੰ ਜਾਂ ਪਹਿਲੀ ਜਨਵਰੀ ਨੂੰ ਦਿਨ ਸਮੇਂ ਕਈ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਇਸ ਨਾਲ ਲੋਕਾਂ ਨੂੰ ਖੁਸ਼ਕ ਠੰਢ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਜਨਵਰੀ ਦੇ ਪਹਿਲੇ ਹਫ਼ਤੇ ਵੀ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਰਹੇਗਾ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 5.5, ਲੁਧਿਆਣਾ ਵਿੱਚ 5.6, ਪਟਿਆਲਾ ਵਿੱਚ 6.4, ਬਠਿੰਡਾ ਵਿੱਚ 4.2, ਫ਼ਰੀਦਕੋਟ ਵਿੱਚ 4.9, ਗੁਰਦਾਸਪੁਰ ਵਿੱਚ 4.3, ਹੁਸ਼ਿਆਰਪੁਰ ਵਿੱਚ 5.4, ਮਾਨਸਾ ਵਿੱਚ 6.3 ਅਤੇ ਰੋਪੜ ਵਿੱਚ 8.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ