ਭਾਰਤੀ ਡਰੈਗ ਫਲਿੱਕਰ ਨੇ ਚੀਜ਼ਾਂ ਚੰਗੇ ਲਈ ਬਦਲਣ ਦੀ ਆਸ ਪ੍ਰਗਟਾਈ
30 ਦਸੰਬਰ, 2025 – ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਲਈ ਇਹ ਸਾਲ ਮੈਦਾਨ ਦੇ ਅੰਦਰ ਅਤੇ ਬਾਹਰ ਭਾਵੇਂ ਕਿ ਵਧੀਆ ਨਾ ਰਿਹਾ ਹੋਵੇ ਪਰ ਹਾਕੀ ਇੰਡੀਆ ਲੀਗ ਰਾਹੀਂ ਪੰਜ ਮਹੀਨਿਆਂ ਬਾਅਦ ਮੈਦਾਨ ’ਤੇ ਵਾਪਸੀ ਲਈ ਤਿਆਰ ਡਰੈਗ ਫਲਿੱਕਰ ਦੀਪਿਕਾ ਸਹਿਰਾਵਤ ਦਾ ਮੰਨਣਾ ਹੈ ਕਿ ਨਵੇਂ ਸਾਲ ਵਿੱਚ ਚੀਜ਼ਾਂ ਚੰਗੇ ਲਈ ਬਦਲਣਗੀਆਂ।
ਅਗਸਤ ਵਿੱਚ ਏਸ਼ੀਆ ਕੱਪ ਲਈ ਰਵਾਨਗੀ ਤੋਂ ਇਕ ਦਿਨ ਪਹਿਲਾਂ ਆਖ਼ਰੀ ਅਭਿਆਸ ਸੈਸ਼ਨ ਵਿੱਚ ਪੈਰ ਤਿਲਕਣ ਕਾਰਨ ਟੀਮ ਤੋਂ ਬਾਹਰ ਹੋਈ ਦੀਪਿਕਾ ਨੇ ਸਵੀਕਾਰ ਕੀਤਾ ਕਿ ਲੰਘੇ ਸਾਲ ਟੀਮ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਇਹ ਵੀ ਕਿਹਾ ਕਿ ਨਵਾਂ ਸਾਲ ਨਵੀਆਂ ਉਮੀਦਾਂ ਲੈ ਕੇ ਆਵੇਗਾ। ਹਾਕੀ ਇੰਡੀਆ ਲੀਗ ਰਾਹੀਂ ਵਾਪਸੀ ਕਰ ਰਹੀ 22 ਸਾਲਾ ਇਸ ਫਾਰਵਰਡ ਨੇ ਵਿਸ਼ੇਸ਼ ਗੱਲਬਾਤ ਵਿੱਚ ਕਿਹਾ, ‘‘ਨਵੇਂ ਸਾਲ ’ਚ ਨਵੀਆਂ ਚੀਜ਼ਾਂ ਸ਼ੁਰੂ ਹੋਣਗੀਆਂ ਤਾਂ ਕਾਫੀ ਕੁਝ ਬਦਲੇਗਾ। ਅਗਲਾ ਸਾਲ ਕਾਫੀ ਅਹਿਮ ਹੈ ਜਿਸ ਵਿੱਚ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਸਭ ਤੋਂ ਪਹਿਲੀ ਚੁਣੌਤੀ ਹੈ ਅਤੇ 2026 ਵਿੱਚ ਏਸ਼ਿਆਈ ਖੇਡਾਂ ਵੀ ਹਨ।’’
ਪ੍ਰੋ ਲੀਗ ਵਿੱਚ ਆਖ਼ਰੀ ਸਥਾਨ ’ਤੇ ਰਹਿਣ ਤੋਂ ਇਲਾਵਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਚੀਨ ਤੋਂ 1-4 ਨਾਲ ਹਾਰ ਕੇ ਭਾਰਤੀ ਮਹਿਲਾ ਟੀਮ ਨੇ ਬੈਲਜੀਅਮ ਅਤੇ ਨੈਦਰਲੈਂਡਜ਼ ਵਿੱਚ ਅਗਲੇ ਸਾਲ ਅਗਸਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ ਦਾ ਮੌਕਾ ਗੁਆ ਦਿੱਤਾ। ਹੁਣ ਉਸ ਨੂੰ ਮਾਰਚ ਵਿੱਚ ਹੈਦਰਾਬਾਦ ’ਚ ਕੁਆਲੀਫਾਇਰ ਖੇਡਣਾ ਹੈ, ਜਿਸ ਵਿੱਚ ਇੰਗਲੈਂਡ, ਸਕਾਟਲੈਂਡ, ਕੋਰੀਆ, ਇਟਲੀ, ਉਰੂਗੁਏ, ਵੇਲਜ਼ ਅਤੇ ਆਸਟਰੀਆ ਵੀ ਹਿੱਸਾ ਲੈਣਗੇ ਅਤੇ ਸਿਖ਼ਰਲੀਆਂ ਤਿੰਨ ਟੀਮਾਂ ਨੂੰ ਵਿਸ਼ਵ ਕੱਪ ਵਿੱਚ ਦਾਖ਼ਲਾ ਮਿਲੇਗਾ।
ਪੰਜਾਬੀ ਟ੍ਰਿਬਯੂਨ