ਅੱਠਵੀ ਦੀ 17 ਫਰਵਰੀ, ਦਸਵੀਂ ਦੀ 6 ਮਾਰਚ ਅਤੇ ਬਾਰ੍ਹਵੀਂ ਦੀ 17 ਫਰਵਰੀ ਤੋਂ ਆਰੰਭ ਹੋਵੇਗੀ ਪ੍ਰੀਖ਼ਿਆ;
ਤਿੰਨੋਂ ਸ਼੍ਰੇਣੀਆਂ ਦੇ 8.45 ਲੱਖ ਵਿਦਿਆਰਥੀ ਪ੍ਰੀਖ਼ਿਆਵਾਂ ਵਿਚ ਲੈਣਗੇ ਭਾਗ
31 ਦਸੰਬਰ, 2025 – ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਬੋਰਡ ਪ੍ਰੀਖਿਆਵਾਂ ਫਰਵਰੀ/ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰਯੋਗੀ ਅਤੇ ਲਿਖਤੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਬੋਰਡ ਵੱਲੋਂ ਇਸ ਸਾਲ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਵਿੱਚ ਮਹੱਤਵਪੂਰਨ ਤਬਦੀਲੀ ਕਰਦਿਆਂ ਪ੍ਰਯੋਗੀ ਪ੍ਰੀਖਿਆਵਾਂ ਲਿਖਤੀ ਪ੍ਰੀਖ਼ਿਆਵਾਂ ਤੋਂ ਪਹਿਲਾਂ ਮਿਤੀ 2 ਫਰਵਰੀ ਤੋਂ 12 ਫਰਵਰੀ ਤੱਕ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਲਿਖਤੀ ਪ੍ਰੀਖ਼ਿਆਵਾਂ ਤੋਂ ਬਾਅਦ ਹੋਣ ਵਾਲੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਢੁਕਵਾਂ ਸਮਾਂ ਮਿਲ ਸਕੇ ਅਤੇ ਅਗਲੇਰੀਆਂ ਜਮਾਤਾਂ ਦੀ ਪੜ੍ਹਾਈ ਸਮੇਂ ਸਿਰ ਸ਼ੁਰੂ ਹੋ ਸਕੇ।
ਬੋਰਡ ਦੇ ਬੁਲਾਰੇ ਵੱਲੋਂ ਲਿਖਤੀ ਪ੍ਰੀਖ਼ਿਆਵਾਂ ਸਬੰਧੀ ਦਿੱਤੀ ਜਾਣਕਾਰੀ ਅਨੁਸਾਰ ਸੈਸ਼ਨ 2025-26 ਲਈ ਅੱਠਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 17-02-2026 ਤੋਂ 27-02-2026 ਤੱਕ ਸਵੇਰੇ 11:00 ਤੋਂ 2:15 ਤੱਕ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਲਗਪਗ 2 ਲੱਖ 77 ਹਜ਼ਾਰ ਪ੍ਰੀਖਿਆਰਥੀ 2300 ਤੋਂ ਵਧੇਰੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣਗੇ।
ਇਸੇ ਤਰ੍ਹਾਂ ਦਸਵੀਂ ਜਮਾਤ ਦੀਆਂ ਲਿਖਤੀ ਪ੍ਰੀਖ਼ਿਆਵਾਂ 06-03-2026 ਤੋਂ 01-04-2026 ਤੱਕ ਸਵੇਰੇ 11:00 ਤੋਂ 2:15 ਤੱਕ ਹੋਣਗੀਆਂ, ਜਿਨ੍ਹਾਂ ਵਿੱਚ ਲਗਪਗ 2 ਲੱਖ 84 ਹਜ਼ਾਰ ਪ੍ਰੀਖਿਆਰਥੀ 2300 ਤੋਂ ਵਧੇਰੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣਗੇ।
ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 17-02-2026 ਤੋਂ 04-04-2026 ਤੱਕ ਸਵੇਰੇ 11:00 ਤੋਂ 2:15 ਤੱਕ ਹੋਣਗੀਆਂ ਜਿਨ੍ਹਾਂ ਵਿੱਚ ਲਗਪਗ 2 ਲੱਖ 84 ਹਜ਼ਾਰ ਪ੍ਰੀਖਿਆਰਥੀ ਲਗਪਗ 2200 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣਗੇ। ਬੁਲਾਰੇ ਨੇ ਦੱਸਿਆ ਕਿ ਪ੍ਰੀਖ਼ਿਆਵਾਂ ਨਾਲ ਸਬੰਧਿਤ ਤਿੰਨੋਂ ਸ਼੍ਰੇਣੀਆਂ ਦੀਆਂ ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈਬਸਾਈਟ ਉੱਤੇ ਉਪਲਬਧ ਕਰਾ ਦਿੱਤੀ ਗਈ ਹੈ।
ਪੰਜਾਬੀ ਟ੍ਰਿਬਯੂਨ