ਹਰਮਨਪ੍ਰੀਤ ਤੇ ਰੈੱਡੀ ਦੀ ਸ਼ਾਨਦਾਰ ਬੱਲੇਬਾਜ਼ੀ
31 ਦਸੰਬਰ, 2025 – ਤਿਰੂਵਨੰਤਪੁਰਮ : ਭਾਰਤ ਨੇ ਇੱਥੇ ਖੇਡੇ ਗਏ ਪੰਜਵੇਂ ਮਹਿਲਾ ਟੀ-20 ਮੈਚ ਵਿਚ ਸ੍ਰੀਲੰਕਾ ਨੂੰ 15 ਦੌੜਾਂ ਨਾਲ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 175 ਦੌੜਾਂ ਬਣਾਈਆਂ ਜਦਕਿ ਸ੍ਰੀਲੰਕਾ ਦੀ ਟੀਮ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 160 ਦੌੜਾਂ ਹੀ ਬਣਾ ਸਕੀ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੀ 68 ਦੌੜਾਂ ਤੇ ਅਰੁੰਧਤੀ ਰੈੱਡੀ ਦੀਆਂ ਨਾਬਾਦ 27 ਦੌੜਾਂ ਦੀ ਬਦੌਲਤ ਭਾਰਤ ਨੇ ਇੱਥੇ ਪੰਜਵੇਂ ਮਹਿਲਾ ਟੀ-20 ਮੁਕਾਬਲੇ ਵਿਚ ਸ੍ਰੀਲੰਕਾ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ 7 ਵਿਕਟਾਂ ਦੇ ਨੁਕਸਾਨ ’ਤੇ 175 ਦੌੜਾਂ ਬਣਾਈਆਂ।
ਇੱਕ ਵੇਲੇ ਭਾਰਤ ਦੀਆਂ 10 ਓਵਰਾਂ ਵਿਚ 77 ਦੌੜਾਂ ’ਤੇ ਪੰਜ ਵਿਕਟਾਂ ਡਿੱਗ ਗਈਆਂ ਸਨ ਪਰ ਹਰਮਨਪ੍ਰੀਤ ਦੀ ਕਪਤਾਨੀ ਪਾਰੀ ਨਾਲ ਭਾਰਤ ਨੇ ਸਨਮਾਨਜਨਕ ਸਕੋਰ ਖੜ੍ਹਾ ਕੀਤਾ।
ਇਸ ਦੌਰਾਨ ਕਪਤਾਨ ਦਾ ਅਰੁੰਧਤੀ ਨੇ ਸ਼ਾਨਦਾਰੀ ਬੱਲੇਬਾਜ਼ੀ ਨਾਲ ਸਾਥ ਦਿੱਤਾ। ਉਸ ਨੇ ਚਾਰ ਚੌਕੇ ਅਤੇ ਇੱਕ ਛੱਕਾ ਜੜ ਕੇ 11 ਗੇਂਦਾਂ ਵਿੱਚ ਨਾਬਾਦ 27 ਦੌੜਾਂ ਬਣਾਈਆਂ ਤੇ ਮੇਜ਼ਬਾਨ ਟੀਮ ਨੂੰ 150 ਦੇ ਅੰਕੜੇ ਤੋਂ ਪਾਰ ਪਹੁੰਚਾਇਆ।
ਹਰਮਨਪ੍ਰੀਤ ਨੇ ਆਪਣੀ 43 ਗੇਂਦਾਂ ਦੀ ਪਾਰੀ ਵਿੱਚ ਨੌਂ ਚੌਕੇ ਅਤੇ ਇੱਕ ਛੱਕਾ ਲਗਾਇਆ। ਉਸ ਨੇ ਅਮਨਜੋਤ ਕੌਰ (21) ਨਾਲ ਛੇਵੀਂ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਲੱਗ ਰਿਹਾ ਸੀ ਕਿ ਭਾਰਤ ਦੀ ਪਾਰੀ ਸੌ ਦੌੜਾਂ ਦੇ ਨੇੜੇ ਹੀ ਸਿਮਟ ਜਾਵੇਗੀ ਪਰ ਹਰਮਨਪ੍ਰੀਤ, ਅਰੁੰਧਤੀ ਤੇ ਅਮਨਜੋਤ ਨੇ ਵਧੀਆ ਬੱਲੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਹ ਪੰਜਵਾਂ ਟੀ-20 ਮੈਚ ਹੈ ਤੇ ਭਾਰਤ ਚਾਰ ਮੈਚ ਜਿੱਤ ਕੇ ਪਹਿਲਾਂ ਹੀ ਲੜੀ ਆਪਣੇ ਨਾਂ ਕਰ ਚੁੱਕਿਆ ਹੈ।
ਪੰਜਾਬੀ ਟ੍ਰਿਬਯੂਨ