ਫਾਈਨਲ ’ਚ ਐੱਸ ਜੀ ਪੀ ਸੀ ਅਕੈਡਮੀ ਨੂੰ 4-0 ਨਾਲ ਹਰਾਇਆ
31 ਦਸੰਬਰ, 2025 – ਸੂਰਤ : ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਸੂਰਤ ਦੇ ਵੀਰ ਨਰਮਦ ਦੱਖਣੀ ਗੁਜਰਾਤ ਯੂਨੀਵਰਸਿਟੀ ਹਾਕੀ ਮੈਦਾਨ ਵਿੱਚ ਖੇਡੀ ਗਈ ਤੀਜੀ ਹਾਕੀ ਇੰਡੀਆ ਜੂਨੀਅਰ ਪੁਰਸ਼ ਅਕੈਡਮੀ ਚੈਂਪੀਅਨਸ਼ਿਪ 2025 (ਜ਼ੋਨ ਏ ਤੇ ਬੀ) ਦਾ ਖ਼ਿਤਾਬ ਜਿੱਤ ਲਿਆ ਹੈ। ਅੱਜ ਫਾਈਨਲ ਮੁਕਾਬਲੇ ਵਿੱਚ ਰਾਊਂਡਗਲਾਸ ਪੰਜਾਬ ਅਕੈਡਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਹਾਕੀ ਅਕੈਡਮੀ ਨੂੰ 4-0 ਨਾਲ ਮਾਤ ਦਿੱਤੀ। ਜੇਤੂ ਟੀਮ ਲਈ ਸੁਖਪ੍ਰੀਤ ਸਿੰਘ ਨੇ 27ਵੇਂ, ਜਰਮਨ ਸਿੰਘ ਨੇ 35ਵੇਂ, ਸੁਖਮਨਪ੍ਰੀਤ ਸਿੰਘ ਨੇ 51ਵੇਂ ਅਤੇ ਅਮਨਦੀਪ ਨੇ 56ਵੇਂ ਮਿੰਟ ਵਿੱਚ ਗੋਲ ਕੀਤੇ।
ਤੀਜੇ ਸਥਾਨ ਲਈ ਹੋਏ ਮੈਚ ਵਿੱਚ ਨਾਮਧਾਰੀ ਇਲੈਵਨ ਨੇ ਘੁੰਮਣਹੇੜਾ ਰਾਈਜ਼ਰਜ਼ ਅਕੈਡਮੀ ਨੂੰ 7-0 ਦੇ ਵੱਡੇ ਫਰਕ ਨਾਲ ਹਰਾਇਆ। ਨਾਮਧਾਰੀ ਇਲੈਵਨ ਲਈ ਬਿਹਾਰਾ ਸਿੰਘ ਅਤੇ ਗੁਰਦਿਆਲ ਸਿੰਘ ਨੇ ਦੋ-ਦੋ; ਵਿਕਰਮ, ਨਿਖਿਲ ਅਤੇ ਸਹਿਜਪ੍ਰੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਸਬ-ਜੂਨੀਅਰ ਵਰਗ ਵਿੱਚ ਵੀ ਜਿੱਤ ਦਰਜ ਕੀਤੀ ਸੀ। ਫਾਈਨਲ ਵਿੱਚ ਉਸ ਨੇ ਆਰਮੀ ਬੁਆਏਜ਼ ਸਪੋਰਟਸ ਕੰਪਨੀ ਨੂੰ 2-0 ਨਾਲ ਹਰਾਇਆ ਸੀ, ਜਿਸ ਵਿੱਚ ਅਲੀ ਰਜ਼ਾਕ ਅਤੇ ਸਨਮੁੱਖ ਸਿੰਘ ਨੇ ਗੋਲ ਕੀਤੇ ਸਨ।
ਤੀਜੇ ਸਥਾਨ ਲਈ ਹੋਏ ਮੁਕਾਬਲੇ ’ਚ ਸੇਲ ਹਾਕੀ ਅਕਾਦਮੀ ਨੇ ਰਿਤੂ ਰਾਣੀ ਹਾਕੀ ਅਕਾਦਮੀ ਨੂੰ 7-0 ਨਾਲ ਹਰਾਇਆ ਸੀ। ਸੇਲ ਹਾਕੀ ਅਕਾਦਮੀ ਲਈ ਅਰੁਣ ਲਾਕੜਾ ਨੇ ਦੋ ਜਦਕਿ ਬਿਕਾਸ਼ ਕੀਥਾ, ਮੁਹੰਮਦ ਸ਼ਾਹਿਦ, ਕੈਲਾਸ਼ ਕੁਜੁਰ, ਮਿਲਾਨ ਅਥੋਕਪਮ ਤੇ ਮਾਲੇਮਗੰਬਾ ਅਕੋਈਜਮ ਨੇ ਇੱਕ-ਇੱਕ ਗੋਲ ਕੀਤਾ।
ਪੰਜਾਬੀ ਟ੍ਰਿਬਯੂਨ