ਰਿਹਾਈ ਨਾ ਹੋਣ ’ਤੇ ਪੱਕਾ ਮੋਰਚਾ ਲਗਾਉਣ ਅਤੇ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਕਰਨ ਦੀ ਚਿਤਾਵਨੀ
10 ਜਨਵਰੀ, 2026 – ਸੰਗਰੂਰ : ਸੰਗਰੂਰ ਜੇਲ੍ਹ ਵਿਚ ਬੰਦ ਸਾਥੀਆਂ ਦੀ ਰਿਹਾਈ ਲਈ ਅੱਜ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਇਥੇ ਬੱਸ ਸਟੈਂਡ ਵਿਚ ਸੂਬਾ ਪੱਧਰੀ ਰੈਲੀ ਕੀਤੀ ਗਈ, ਜਿਸ ਵਿਚ ਪੰਜਾਬ ਭਰ ਤੋਂ ਪੀਆਰਟੀਸੀ/ਰੋਡਵੇਜ਼ ਕਾਮਿਆਂ ਅਤੇ ਵੱਖ-ਵੱਖ ਜਥੇਬੰਦੀਆਂ ਦੀ ਸ਼ਮੂਲੀਅਤ ਕਰਕੇ ਰਾਜ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ।
ਰੈਲੀ ਵਿੱਚ ਯੂਨੀਅਨ ਦੇ ਸੂਬਾ ਸੰਸਥਾਪਕ ਕਮਲ ਕੁਮਾਰ, ਸੂਬਾ ਪ੍ਰਧਾਨ ਰੇਸ਼ਮ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਅਤੇ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੰਗਾਂ ਦਾ ਹੱਲ ਕਰਨ ਦੀ ਬਜਾਏ ਵਰਕਰਾਂ ਦੀ ਆਵਾਜ਼ ਨੂੰ ਜਬਰ ਨਾਲ ਦਬਾਉਣ ਦੇ ਯਤਨ ਕਰ ਰਹੀ ਹੈ। ਚਾਰ ਸਾਲ ਤੋਂ ਵਾਰ-ਵਾਰ ਮੀਟਿੰਗ ਵਿੱਚ ਕਮੇਟੀਆਂ ਗਠਿਤ ਕਰਕੇ ਡੰਗ ਟਪਾਉਣ ਦੀ ਰਾਜਨੀਤੀ ਕਰ ਰਹੀ ਹੈ, ਜਦੋਂ ਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਵਿਚ ਮੰਨਿਆ ਸੀ ਕਿ ਮੰਗਾਂ ਵਾਜ਼ਬ ਤੇ ਜਾਇਜ਼ ਹਨ, ਜਿਨ੍ਹਾਂ ਨੂੰ ਮਹੀਨੇ ਵਿਚ ਹੱਲ ਕਰ ਦਿੱਤਾ ਜਾਵੇਗਾ ਪਰ ਕੁੱਝ ਨਹੀਂ ਹੋਇਆ।
ਸਰਕਾਰ ਅਤੇ ਮੈਨੇਜਮੈਂਟ ਵਲੋਂ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਘਰਸ਼ ਕਰਨ ’ਤੇ ਜਥੇਬੰਦੀ ਦੇ 175 ਆਗੂਆਂ ਤੇ ਵਰਕਰਾਂ ਨੂੰ ਚੁੱਕਿਆ ਗਿਆ ਅਤੇ 307 ਵਰਗੀਆਂ ਧਰਾਵਾਂ ਲਗਾ ਕੇ 20 ਸਾਥੀਆਂ ਨੂੰ ਜੇਲ੍ਹੀਂ ਡੱਕਿਆ ਹੋਇਆ ਹੈ। ਟਰਾਂਸਪੋਰਟ ਵਿਭਾਗ ਦਾ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਾ 1200 ਕਰੋੜ ਰੁਪਿਆ ਸਰਕਾਰ ਵੱਲ ਬਕਾਇਆ ਹੈ। ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਤੇ ਕੈਸ਼ੀਅਰ ਰਮਨਦੀਪ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਸਾਥੀਆਂ ਨੂੰ ਜੇਲ੍ਹਾਂ ਵਿਚੋਂ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ 17-18 ਜਨਵਰੀ ਨੂੰ ਸੰਗਰੂਰ ਚ ਪੱਕਾ ਮੋਰਚਾ ਲਗਾਇਆ ਜਾਵੇਗਾ, ਜੇ ਫ਼ਿਰ ਵੀ ਹੱਲ ਨਾ ਹੋਇਆ ਤਾਂ ਪੰਜਾਬ ਰੋਡਵੇਜ਼ ਪਨਬਸ /ਪੀ ਆਰ ਟੀ ਸੀ ਦਾ ਚੱਕਾ ਜਾਮ ਕੀਤਾ ਜਾਵੇਗਾ।
ਰੈਲੀ ਨੂੰ ਆਲ ਇੰਡੀਆ ਰੋਡ ਟਰਾਂਸਪੋਰਟ ਵਰਕਿੰਗ ਕਮੇਟੀ ਦੇ ਸਰਬੱਤ ਸਿੰਘ ਪੂਨੀਆ, ਸੁਮੇਰ ਸਿਵਾਚ ਜਰਨਲ ਸਕੱਤਰ ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ, ਸੁਸ਼ੀਲ ਲਿਕਸ ਸਟੇਟ ਕੈਸ਼ੀਅਰ ਹਰਿਆਣਾ ਰੋਡਵੇਜ਼, ਬੇਰੁਜ਼ਗਾਰ ਸਾਂਝਾ ਮੋਰਚਾ ਸੁਖਵਿੰਦਰ ਸਿੰਘ ਢਿੱਲਵਾ, ਪੀ ਆਰ ਟੀ ਸੀ ਆਜ਼ਾਦ ਯੂਨੀਅਨ ਸਰਬੰਸ ਸਿੰਘ ਭੋਲਾ , ਆਲ ਇੰਡੀਆ ਕਿਸਾਨ ਸਭਾ ਮੇਜਰ ਸਿੰਘ, ਕਿਰਤੀ ਕਿਸਾਨ ਯੂਨੀਅਨ ਪੰਜਾਬ ਭੁਪਿੰਦਰ ਸਿੰਘ ਲੌਂਗੋਵਾਲ ਮਜ਼ਦੂਰ ਯੂਨੀਅਨ ਸ਼ੇਰ ਸਿੰਘ ਫਰਵਾਹੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਾਮਵੀਰ ਸਿੰਘ ਤੇ ਸੀਟੂ ਪੰਜਾਬ ਪ੍ਰਧਾਨ ਮਹਾਂ ਸਿੰਘ ਰੋੜੀ ਨੇ ਸੰਬੋਧਨ ਕੀਤਾ।
ਪੰਜਾਬੀ ਟ੍ਰਿਬਯੂਨ