ਭਾਜਪਾ ਪ੍ਰਧਾਨ ਨੇ ਪਿੰਡ ਪੋਨਾ ’ਚ ਜਾਗਰੂਕਤਾ ਰੈਲੀ ਕੀਤੀ; ਨਵੀਂ ਯੋਜਨਾ ਦੇ ਫਾਇਦੇ ਗਿਣਾਏ
10 ਜਨਵਰੀ, 2026 – ਜਗਰਾਉਂ : ਕੇਂਦਰ ਵੱਲੋਂ ਮਗਨਰੇਗਾ ਦੀ ਥਾਂ ਲਿਆਂਦੀ ‘ਜੀ ਰਾਮ ਜੀ’ ਯੋਜਨਾ ਬਾਰੇ ਜਾਗਰੂਕ ਕਰਨ ਲਈ ਭਾਜਪਾ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਇਸੇ ਤਹਿਤ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਨੇੜਲੇ ਪਿੰਡ ਪੋਨਾ ਵਿੱਚ ਜਾਗਰੂਕਤਾ ਰੈਲੀ ਨੂੰ ਸੰਬੋਧਨ ਕੀਤਾ। ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਸ੍ਰੀ ਜਾਖੜ ਨੇ ਕਿਹਾ ਕਿ ਇਹ ਨਵੀਂ ਸਕੀਮ ਗਰੀਬਾਂ, ਲੋੜਵੰਦਾਂ ਅਤੇ ਪੱਛੜੇ ਵਰਗਾਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਵਿਰੋਧੀ ਧਿਰਾਂ ’ਤੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਨਵੀਂ ਯੋਜਨਾ ਤਹਿਤ ਮਜ਼ਦੂਰਾਂ ਦੀ ਦਿਹਾੜੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਜਾਵੇਗੀ ਅਤੇ ਵਿਚੋਲਿਆਂ ਦੀ ਭੂਮਿਕਾ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਮਜ਼ਦੂਰਾਂ ਨੂੰ ਦਿਹਾੜੀ ਵੀ ਪਹਿਲਾਂ ਨਾਲੋਂ ਜ਼ਿਆਦਾ ਮਿਲੇਗੀ ਅਤੇ ਕੰਮ ਵੀ ਜ਼ਿਆਦਾ ਮਿਲੇਗਾ। ਉਨ੍ਹਾਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਦਾ ਵਿਕਾਸ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਡੰਮੀ’ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਵਾਗਡੋਰ ਅਸਲ ਵਿੱਚ ਕੇਜਰੀਵਾਲ ਦੇ ਹੱਥ ਹੈ।
ਪੰਜਾਬੀ ਟ੍ਰਿਬਯੂਨ