ਅਣਪਛਾਤਿਆਂ ਨੇ ਸਿਮਰਨਜੀਤ ਨੂੰ ਗੋਲੀ ਮਾਰੀ; ਪਿੰਡ ਵਿੱਚ ਸੋਗ ਦੀ ਲਹਿਰ
16 ਜਨਵਰੀ, 2026 – ਜੰਡਿਆਲਾ ਗੁਰੂ : ਇਥੋਂ ਨੇੜਲੇ ਪਿੰਡ ਦੇਵੀਦਾਸਪੁਰਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਕਰਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਡੂੰਘਾ ਸਦਮੇ ਵਿਚ ਹੈ। ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦੇਵੀਦਾਸਪੁਰਾ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਸਿਮਰਨਜੀਤ ਸਿੰਘ ਨੂੰ 2023 ਵਿੱਚ ਬਿਹਤਰ ਭਵਿੱਖ ਅਤੇ ਉੱਚ ਸਿੱਖਿਆ ਦੀ ਭਾਲ ਵਿੱਚ ਜ਼ਮੀਨ ਵੇਚ ਕੇ ਕੈਨੇਡਾ ਭੇਜਿਆ ਗਿਆ ਸੀ। ਪਰਿਵਾਰਕ ਮੈਂਬਰਾਂ ਨੂੰ ਅੱਜ ਸਵੇਰੇ ਕੈਨੇਡਾ ਤੋਂ ਫੋਨ ਆਇਆ ਕਿ ਅਣਪਛਾਤੇ ਵਿਅਕਤੀਆਂ ਨੇ ਸਿਮਰਨਜੀਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਹ ਖ਼ਬਰ ਸੁਣਦਿਆਂ ਹੀ ਪਰਿਵਾਰ ਟੁੱਟ ਗਿਆ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰਿਸ਼ਤੇਦਾਰ ਅਤੇ ਪਿੰਡ ਵਾਸੀ ਮ੍ਰਿਤਕ ਦੇ ਘਰ ਪਹੁੰਚ ਗਏ। ਦੱਸਿਆ ਗਿਆ ਹੈ ਕਿ ਕੈਨੇਡੀਅਨ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਤਲਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਕੈਨੇਡੀਅਨ ਪੁਲੀਸ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਸਖ਼ਤ ਸਜ਼ਾ ਦੇਵੇ।
ਪੰਜਾਬੀ ਟ੍ਰਿਬਯੂਨ