ਲੁਧਿਆਣਾ ਦੇ ਸ਼ਹਿਰੀ ਖੇਤਰ ਵਿੱਚ ਪੇਂਡੂ ਔਰਤਾਂ ਨੇ ਲਗਾਏ ਅਸਥਾਈ ਭੋਜਨ ਸਟਾਲ
17 ਜਨਵਰੀ, 2026 – ਲੁਧਿਆਣਾ : ਪੰਜਾਬ ਵਿੱਚ ਸਰ੍ਹੋਂ ਦਾ ਸਾਗ ਸਿਰਫ਼ ਸਰਦੀਆਂ ਦਾ ਇੱਕ ਪਕਵਾਨ ਹੀ ਨਹੀਂ ਹੈ, ਸਗੋਂ ਇਹ ਇੱਕ ਅਜਿਹੀ ਪਰੰਪਰਾ ਹੈ ਜੋ ਸ਼ਾਹੀ ਰਸੋਈਆਂ ਅਤੇ ਆਮ ਘਰਾਂ, ਪੇਂਡੂ ਚੁੱਲ੍ਹਿਆਂ ਅਤੇ ਸ਼ਹਿਰੀ ਖਾਣੇ ਦੇ ਮੇਜ਼ਾਂ ਨੂੰ ਆਪਸ ਵਿੱਚ ਜੋੜਦੀ ਹੈ। ਸ਼ਹਿਰ ਦੇ ਲੋਕਾਂ ਲਈ ਅਸਲੀ ਮੱਧਮ ਅੱਗ ‘ਤੇ ਪਕਾਇਆ ਹੋਇਆ ਸਾਗ ਅਕਸਰ ਦੁਰਲੱਭ ਹੁੰਦਾ ਹੈ।
ਸ਼ਹਿਰੀ ਘਰਾਂ ਵਿੱਚ ਰਵਾਇਤੀ ਚੁੱਲ੍ਹਿਆਂ ਦੀ ਅਣਹੋਂਦ ਨੇ ਇੱਕ ਅਜਿਹੀ ਖਾਲੀ ਥਾਂ ਪੈਦਾ ਕਰ ਦਿੱਤੀ ਹੈ ਜਿਸ ਨੂੰ ਹੁਣ ਪੇਂਡੂ ਔਰਤਾਂ ਆਪਣੇ ਹੁਨਰ, ਸਬਰ ਅਤੇ ਵਿਰਾਸਤ ਨਾਲ ਭਰ ਰਹੀਆਂ ਹਨ। ਪੂਰੇ ਲੁਧਿਆਣਾ ਵਿੱਚ ਪੇਂਡੂ ਔਰਤਾਂ ਨੂੰ ਸਰ੍ਹੋਂ ਦਾ ਸਾਗ ਚੀਰਦਿਆਂ, ਅਸਥਾਈ ਚੁੱਲ੍ਹਿਆਂ ‘ਤੇ ਪਕਾਉਂਦਿਆਂ ਅਤੇ ਤਾਜ਼ਾ ਸਾਗ ਵੇਚਦਿਆਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਪੇਂਡੂ ਔਰਤਾਂ ਦੇ ਹੱਥਾਂ ਵਿੱਚ ਪੀੜ੍ਹੀਆਂ ਦੀ ਲੈਅ ਹੈ, ਜਿਨ੍ਹਾਂ ਦੇ ਪਕਾਵਾਨਾਂ ਵਿੱਚੋਂ ਘਰ ਅਤੇ ਵਿਰਾਸਤ ਦੀ ਖੁਸ਼ਬੂ ਆਉਂਦੀ ਹੈ।
ਸਰਦੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਸ਼ਹਿਰ ਦੇ ਲੋਕ ਬੜੀ ਬੇਸਬਰੀ ਨਾਲ ਉਨ੍ਹਾਂ ਦੀ ਆਮਦ ਦੀ ਉਡੀਕ ਕਰਦੇ ਹਨ। ਕਈਆਂ ਲਈ ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ ਸਾਗ ਖਾਣਾ ਸਿਰਫ਼ ਇੱਕ ਭੋਜਨ ਨਹੀਂ, ਸਗੋਂ ਇੱਕ ਸੱਭਿਆਚਾਰਕ ਸਾਂਝ ਹੈ। ਸਾਗ ਅਤੇ ਰੋਟੀਆਂ ਦੇ ਨਾਲ, ਇਹ ਔਰਤਾਂ ਖੀਰ, ਗਜਰੇਲਾ ਅਤੇ ਗੁੜ ਵੀ ਪਰੋਸਦੀਆਂ ਹਨ।
ਇਯਾਲੀ ਕਲਾਂ ਦੀ ਵਸਨੀਕ ਮਨਦੀਪ ਹਰ ਸਰਦੀਆਂ ਵਿੱਚ ਗਿੱਲ ਰੋਡ ਨੇੜੇ ਆਪਣੀ ਅਸਥਾਈ ਰਸੋਈ ਲਗਾਉਂਦੀ ਹੈ। ਉਸ ਨੇ ਆਪਣੀ ਮਾਂ ਤੋਂ ਸਰ੍ਹੋਂ ਦੇ ਸਾਗ ਨੂੰ ਮੱਧਮ ਅੱਗ ‘ਤੇ ਪਕਾਉਣ ਦੀ ਕਲਾ ਸਿੱਖੀ ਸੀ। ਉਹ ਕਹਿੰਦੀ ਹੈ, ‘‘ਮੈਨੂੰ ਖਾਣਾ ਬਣਾਉਣਾ ਪਸੰਦ ਹੈ ਅਤੇ ਮੈਂ ਇਸ ਹੁਨਰ ਨੂੰ ਪਾਰਟ-ਟਾਈਮ ਪੇਸ਼ੇ ਵਜੋਂ ਵਰਤ ਰਹੀ ਹਾਂ। ਸਰਦੀਆਂ ਵਿੱਚ, ਮੈਂ ਚੁੱਲ੍ਹੇ ‘ਤੇ ਤਾਜ਼ਾ ਸਾਗ ਅਤੇ ਰੋਟੀਆਂ ਤਿਆਰ ਕਰਦੀ ਹਾਂ। ਮੇਰੇ ਪੱਕੇ ਗਾਹਕ ਹਨ ਜਿਨ੍ਹਾਂ ਦੀ ਮੈਂ ਹਰ ਸਾਲ ਸੇਵਾ ਕਰਦੀ ਹਾਂ। ਪਿੰਡਾਂ ਵਿੱਚ ਸਾਗ ਆਮ ਹੈ, ਪਰ ਸ਼ਹਿਰੀ ਆਬਾਦੀ ਲਈ ਇਹ ਕਿਸੇ ਤੋਹਫ਼ੇ ਤੋਂ ਘੱਟ ਨਹੀਂ। ਭੋਜਨ ਸਾਂਝਾ ਕਰਨਾ ਖੁਸ਼ੀ ਹੈ ਅਤੇ ਮੈਂ ਇਹੀ ਕਰਦੀ ਹਾਂ।’’
ਮਨਦੀਪ ਪਿੰਨੀਆਂ ਅਤੇ ਗਜਰੇਲਾ ਵੀ ਤਿਆਰ ਕਰਦੀ ਹੈ। ਫੁੱਲਾਂਵਾਲ ਦੀ ਸ਼ਿੰਦਰ ਕੌਰ ਆਪਣੇ ਖੇਤਾਂ ਵਿੱਚੋਂ ਤਾਜ਼ਾ ਤੋੜਿਆ ਹੋਇਆ ਸਾਗ ਲਿਆਉਂਦੀ ਹੈ। ਉਹ ਕਹਿੰਦੀ ਹੈ, “ਮੈਂ ਗਾਹਕਾਂ ਦੇ ਸਾਹਮਣੇ ਸਾਗ ਨੂੰ ਧੋਂਦੀ ਅਤੇ ਚੀਰਦੀ ਹਾਂ। ਕੁਝ ਲੋਕ ਕੱਚਾ ਸਾਗ ਵੀ ਘਰ ਲੈ ਜਾਂਦੇ ਹਨ, ਜਦਕਿ ਬਾਕੀ ਮੈਨੂੰ ਪਕਾ ਕੇ ਅਗਲੇ ਦਿਨ ਦੇਣ ਲਈ ਕਹਿੰਦੇ ਹਨ।”
ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਇਨ੍ਹਾਂ ਔਰਤਾਂ ਨੂੰ ਇੱਕ ਵਰਦਾਨ ਵਜੋਂ ਦੇਖਦੇ ਹਨ। ਸਨਰਾਈਜ਼ ਕਲੋਨੀ ਦੀ ਵਸਨੀਕ ਰਸ਼ਨੂਰ ਦਾ ਕਹਿਣਾ ਹੈ, “ਹਰ ਸਾਲ ਮੈਂ ਉਨ੍ਹਾਂ ਵੱਲੋਂ ਤਿਆਰ ਕੀਤੇ ਸਾਗ ਦਾ ਆਨੰਦ ਲੈਂਦੀ ਹਾਂ। ਕੰਮ ਦੇ ਲੰਬੇ ਘੰਟਿਆਂ ਕਾਰਨ, ਮੈਂ ਇਸ ਨੂੰ ਖੁਦ ਨਹੀਂ ਪਕਾ ਸਕਦੀ ਕਿਉਂਕਿ ਇਸ ਵਿੱਚ ਬਹੁਤ ਸਮਾਂ ਲੱਗਦਾ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਅਸੀਂ ਸਰਦੀਆਂ ਦੇ ਇਸ ਸੁਆਦ ਦਾ ਅਨੰਦ ਮਾਣਦੇ ਹਾਂ।’’
ਪੰਜਾਬ ਦੇ ਸ਼ਹਿਰਾਂ ਵਿੱਚ ਪਿੰਡਾਂ ਦੇ ਸਾਗ ਇਹ ਖੁਸ਼ਬੂ ਇੱਕ ਪਰੰਪਰਾ ਨੂੰ ਜੀਵਤ ਰੱਖ ਰਹੀ ਹੈ। ਇਹ ਔਰਤਾਂ ਕਮਾਈ ਦੇ ਨਾਲ ਨਾਲ ਰਸੋਈ ਦੀ ਵਿਰਾਸਤ ਨੂੰ ਸੰਭਾਲ ਰਹੀਆਂ ਹਨ ਅਤੇ ਇਸ ਨੂੰ ਖੁੱਲ੍ਹੇ ਦਿਲ ਨਾਲ ਦੂਜਿਆਂ ਨਾਲ ਸਾਂਝਾ ਕਰ ਰਹੀਆਂ ਹਨ।
ਪੰਜਾਬੀ ਟ੍ਰਿਬਯੂਨ