ਪਿੰਡ ਕਾਲੇਕੇ ਦੇ ਬਹਾਦਰ ਪੱਤੀ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਖਸਤਾ ਹਾਲ ਇਮਾਰਤ ਨੂੰ ਲਗਪਗ 7-8 ਮਹੀਨੇ ਪਹਿਲਾਂ ਢਾਹ ਦਿੱਤਾ ਗਿਆ ਸੀ, ਜਦੋਂ ਕਿ ਨਵੇਂ ਕਮਰਿਆਂ ਦੀ ਉਸਾਰੀ ਹੁਣ ਤੱਕ ਨਹੀਂ ਕੀਤੀ ਗਈ।
17 ਜਨਵਰੀ, 2026 – ਬਾਘਾ ਪੁਰਾਣਾ : ਪਿੰਡ ਕਾਲੇਕੇ ਦੇ ਬਹਾਦਰ ਪੱਤੀ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਖਸਤਾ ਹਾਲ ਇਮਾਰਤ ਨੂੰ ਲਗਪਗ 7-8 ਮਹੀਨੇ ਪਹਿਲਾਂ ਢਾਹ ਦਿੱਤਾ ਗਿਆ ਸੀ, ਜਦੋਂ ਕਿ ਨਵੇਂ ਕਮਰਿਆਂ ਦੀ ਉਸਾਰੀ ਹੁਣ ਤੱਕ ਨਹੀਂ ਕੀਤੀ ਗਈ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਮਰਿਆਂ ਨੂੰ ਢਾਹ ਤਾਂ ਦਿੱਤਾ ਸੀ ਪਰ ਇਸ ਦੀ ਨਵ ਉਸਾਰੀ ਲਈ ਕਾਰਵਾਈ ’ਚ ਢਿੱਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਸਕੂਲ ਮੁਖੀ ਜਤਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੀ ਖਸਤਾ ਹਾਲਤ ਇਮਾਰਤ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ। ਉਸ ਉਪਰੰਤ ਲੋਕ ਨਿਰਮਾਣ ਵਿਭਾਗ ਦੀ ਟੀਮ ਵੱਲੋਂ ਕੀਤੇ ਗਏ ਦੌਰੇ ਦੌਰਾਨ ਸਕੂਲ ਦੇ ਪੰਜ ਕਮਰਿਆਂ ਵਿੱਚੋਂ ਤਿੰਨ ਕਮਰਿਆਂ ਨੂੰ ਅਣਸੁਰੱਖਿਅਤ ਐਲਾਨਿਆ ਗਿਆ ਸੀ ਜਿਨ੍ਹਾਂ ਨੂੰ ਢਾਹੁਣਾ ਪਿਆ। ਸਕੂਲ ਮੁਖੀ ਨੇ ਦੱਸਿਆ ਕਿ ਸਕੂਲ ਦੇ ਕਮਰਿਆਂ ਦੀ ਉਸਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ 117 ਬੱਚੇ ਪੜ੍ਹਦੇ ਹਨ।
ਉਨ੍ਹਾਂ ਦੱਸਿਆ ਕਿ ਕਲਾਸਾਂ ਲਾਉਣ ਲਈ ਬਦਲਵੇਂ ਪ੍ਰਬੰਧ ਵਜੋਂ ਪਿੰਡ ਦੀਆਂ ਕੁਝ ਸਾਂਝੀਆਂ ਥਾਵਾਂ ਲਈ ਤਰੱਦਦ ਤਾਂ ਕੀਤਾ ਪਰ ਕਿਸੇ ਪਾਸਿਓਂ ਹਾਂ ਪੱਖੀ ਹੁੰਗਾਰਾ ਨਾ ਮਿਲਿਆ। ਮਜਬੂਰੀ ਵੱਸ ਹੁਣ ਆਰਜ਼ੀ ਤੌਰ ’ਤੇ ਦੋ ਕਮਰਿਆਂ ਵਿੱਚ ਡੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਕਮਰਿਆਂ ਦੀ ਉਸਾਰੀ ਲਈ ਗਰਾਂਟ ਵਾਲੀ ਫਾਈਲ ਹੁਣ ਆਖਰੀ ਪੜਾਅ ਵਿੱਚ ਪੁੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ 2-3 ਤਿੰਨ ਮਹੀਨਿਆਂ ਵਿੱਚ ਗਰਾਂਟ ਮਿਲਣ ਦੀ ਉਮੀਦ ਹੈ।
ਇਸ ਦੌਰਾਨ ਸਕੂਲ ਮੁਖੀ ਨੇ ਇਹ ਵੀ ਦੱਸਿਆ ਕਿ ਕੁਝ ਕੁ ਗਰਾਂਟ ਚਾਰ ਦੀਵਾਰੀ ਲਈ ਆਈ ਸੀ ਜਿਸ ਨਾਲ ਸਕੂਲ ਦੇ ਵੱਡੇ ਘੇਰੇ ਨੂੰ ਚਾਰ ਦੀਵਾਰੀ ਕਰ ਵੀ ਦਿੱਤੀ ਗਈ ਹੈ। ਸਕੂਲ ਪ੍ਰਬੰਧਕੀ ਕਮੇਟੀ ਅਤੇ ਪਿੰਡ ਦੇ ਸਰਪੰਚ ਵੱਲੋਂ ਮਿਲ ਰਹੇ ਸਹਿਯੋਗ ਲਈ ਉਨ੍ਹਾਂ ਨੇ ਤਸੱਲੀ ਪ੍ਰਗਟ ਕੀਤੀ।
ਪੰਜਾਬੀ ਟ੍ਰਿਬਯੂਨ