ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਨਾਲ 28 ਨੂੰ ਹੋਵੇਗੀ ਮੀਟਿੰਗ
19 ਜਨਵਰੀ, 2026 – ਮੋਗਾ : ਇਥੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਦਿਨ 14 ਦਸੰਬਰ ਨੂੰ ਪਿੰਡ ਸੰਗਤਪੁਰਾ ਕੋਲ ਕਾਰ ਉੱਤੇ ਚੋਣ ਡਿਊਟੀ ’ਤੇ ਜਾ ਰਹੇ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਧੁੰਦ ਕਾਰਨ ਸੂਏ ’ਚ ਕਾਰ ਡਿੱਗਣ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਮ੍ਰਿਤਕਾਂ ਦੇ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਅੱਜ ਅਧਿਆਪਕ ਇਨਸਾਫ ਕਮੇਟੀ ਦੇ ਬੈਨਰ ਹੇਠ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਗਈ। ਰੋਸ ਮਾਰਚ ਬਾਅਦ ਫ਼ਿਰੋਜਪੁਰ ਕੌਮੀ ਮਾਰਗ ਉੱਤੇ ਆਵਾਜਾਈ ਰੋਕੀ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੂਬੇ ਦੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਨਾਲ 28 ਨੂੰ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਜਿਸ ਮਗਰੋਂ ਆਵਾਜਾਈ ਬਹਾਲ ਕੀਤੀ ਗਈ।
ਇਸ ਮੌਕੇ ਡੀ ਟੀ ਐੱਫ ਦੋਨਾਂ ਗੁੱਟਾਂ ਦੇ ਸੂਬਾ ਪ੍ਰਧਾਨ ਦਿੱਗ ਵਿਜੇਪਾਲ ਅਤੇ ਵਿਕਰਮ ਦੇਵ ਸਿੰਘ, ਮਾਸਟਰ ਕੇਡਰ ਯੂਨੀਅਨ ਸੂਬਾ ਪ੍ਰਧਾਨ ਬਲਜਿੰਦਰ ਸਿਘ ਧਾਲੀਵਾਲ, ਬੀਕੇੌਯੂ ਏਕਤਾ ਉਗਰਾਹਾਂ ਆਗੂ ਅਮਰਜੀਤ ਸਿੰਘ ਸੈਦੋਕੇ ਅਤੇ ਦਰਜਾ ਚਾਰ ਕਰਮਚਾਰੀ ਯੂਨੀਅਨ ਸੂਬਾ ਪ੍ਰਧਾਨ ਕਰਮ ਚੰਦ ਚਡਾਲੀਆ ਨੇ ਸੰਬੋਧਨ ਕੀਤਾ। ਇਸ ਘਟਨਾ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਨੇ ਪ੍ਰਸ਼ਾਸਨ ਦੀ ਲਾਪਰਵਾਹੀ ’ਤੇ ਸਵਾਲ ਚੁੱਕੇ, ਸਰਕਾਰੀ ਸਨਮਾਨਾਂ ਅਤੇ ਪਰਿਵਾਰ ਲਈ ਵਿੱਤੀ ਮਦਦ ਦੀ ਮੰਗ ਕੀਤੀ।
ਪੰਜਾਬੀ ਟ੍ਰਿਬਯੂਨ