ਨਸ਼ੇ ਦੀ ਭੇਟ ਚੜ੍ਹੇ 6 ਜਵਾਨ ਪੁੱਤ
ਨਸ਼ਿਆਂ ਦੇ ਭੇਟ ਚੜ੍ਹੇ ਪਰਿਵਾਰ ਦੇ ਸੱਤ ਜੀਅ; ਸਰਕਾਰ ਦੀ ‘ਨਸ਼ੇ ਵਿਰੁੱਧ ਜੰਗ’ ਮੁਹਿੰਮ ‘ਤੇ ਚੁੱਕੇ ਸਵਾਲ
20 ਜਨਵਰੀ, 2026 – ਲੁਧਿਆਣਾ/ਜਗਰਾਉਂ : ਨਸ਼ਿਆਂ ਦਾ ਕੋਹੜ ਇੱਕ ਹਰੇ ਭਰੇ ਪਰਿਵਾਰ ਦੀ ਜੜ੍ਹ ਵਿੱਚ ਇਸ ਤਰ੍ਹਾਂ ਬੈਠਿਆ ਕਿ ਇੱਕ ਮਾਂ ਦੇ ਛੇ ਪੁੱਤਾਂ ਨੂੰ ਜਵਾਨੀ ਵਿੱਚ ਹੀ ਲੈ ਗਿਆ। ਖੇਤਰ ਵਿੱਚ ਚੱਲ ਰਹੀ ਨਸ਼ਿਆਂ ਦੀ ਮਹਾਂਮਾਰੀ ਕਾਰਨ ਕਥਿਤ ਤੌਰ ‘ਤੇ ਆਪਣੇ ਸਾਰੇ ਛੇ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਛਿੰਦਰ ਕੌਰ ਦੇ ਪਰਿਵਾਰ ਦਾ ਆਖਰੀ ਪੁੱਤਰ ਜਸਵੀਰ ਸਿੰਘ (20) ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਨਹਿਰ ਦੇ ਕਿਨਾਰੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ, ਜਿਸਦੀ ਮੌਤ ਕਥਿਤ ਤੌਰ ‘ਤੇ ਨਸ਼ੇ ਦੀ ਵੱਧ ਮਾਤਰਾ (ਓਵਰਡੋਜ਼) ਲੈਣ ਕਾਰਨ ਹੋਈ ਸੀ। ਪਿੰਡ ਸ਼ੇਰੇਵਾਲ ਦੇ ਇਸ ਪਰਿਵਾਰ ਦੀ ਮੁਖੀ ਛਿੰਦਰ ਕੌਰ ਨੇ ਇੱਕ ਦਹਾਕੇ ਤੋਂ ਉਸ ਅੰਦਰ ਪਲ ਰਹੇ ਦਰਦ ਬਾਰੇ ਦੱਸਦਿਆਂ ਕਿਹਾ ਕਿ ਉਸ ਦਾ ਪਤੀ ਮੁਖਤਿਆਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਨੇ ਕਥਿਤ ਤੌਰ ‘ਤੇ 2012 ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।
ਛਿੰਦਰ ਕੌਰ ਆਖਦੀ ਹੈ ਕਿ ਇਸ ਮਗਰੋਂ ਉਸ ਨੇ ਆਪਣੇ ਹੱਥੀ ਸਾਰੇ ਛੇ ਪੁੱਤਰਾਂ ਦਾ ਸਸਕਾਰ ਕੀਤਾ ਹੈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਕੁਲਵੰਤ ਸਿੰਘ (34) ਦੀ ਕਥਿਤ ਤੌਰ ‘ਤੇ 2013 ਵਿੱਚ ਨਸ਼ਿਆਂ ਕਾਰਨ ਮੌਤ ਹੋ ਗਈ ਸੀ, ਮਾਰਚ 2021 ਵਿੱਚ ਗੁਰਦੀਪ ਸਿੰਘ, ਜੁਲਾਈ 2021 ਵਿੱਚ ਜਸਵੰਤ ਸਿੰਘ, ਜਨਵਰੀ 2022 ਵਿੱਚ ਰਾਜੂ ਸਿੰਘ, ਮਾਰਚ 2023 ਵਿੱਚ ਬਲਜੀਤ ਸਿੰਘ ਤੇ ਹੁਣ ਚੰਦਰਾ ਨਸ਼ਾ ਘਰ ਦੇ ਆਖਰੀ ਜਵਾਨ ਪੁੱਤ ਜਸਵੀਰ ਸਿੰਘ ਨੂੰ ਵੀ ਲੈ ਬੈਠਿਆ।
ਰਿਪੋਰਟਾਂ ਅਨੁਸਾਰ ਜਸਵੀਰ ਇੱਕ ਹੋਰ ਵਿਅਕਤੀ ਦੇ ਨਾਲ ਸੀ ਜਦੋਂ ਉਹ ਨਸ਼ਾ ਕਰਨ ਤੋਂ ਬਾਅਦ ਬੇਹੋਸ਼ ਹੋ ਗਿਆ ਅਤੇ ਉਸ ਸਾਥੀ ਨੇ ਕਥਿਤ ਤੌਰ ‘ਤੇ ਉਸ ਨਾਲ ਨਸ਼ੇ ਦਾ ਟੀਕਾ ਲਗਾਉਣ ਦੀ ਗੱਲ ਕਬੂਲੀ ਹੈ ਅਤੇ ਬਾਅਦ ਵਿੱਚ ਘਬਰਾਉਂਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦੋ ਵਿਅਕਤੀਆਂ ਦੇ ਖ਼ਿਲਾਫ਼ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜਿਸ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼ ਹੈ।
ਛਿੰਦਰ ਕੌਰ ਨੇ ਸੂਬਾ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਆਲੋਚਨਾ ਕਰਦਿਆਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਸ ਨੇ ਭੇ ਮਨ ਨਾਲ ਕਿਹਾ, “ਚਿੱਟਾ ਬੰਦ ਨਹੀਂ ਹੋਇਆ। ਨਸ਼ਾ ਵੇਚਣ ਵਾਲੇ ਫੜੇ ਜਾਂਦੇ ਹਨ ਪਰ ਬਾਅਦ ਵਿੱਚ ਰਿਹਾਅ ਹੋ ਜਾਂਦੇ ਹਨ। ਅਸੀਂ ਚਾਹੁੰਦੇ ਹਾਂ ਕਿ ਨਸ਼ਾ ਬੰਦ ਹੋਵੇ ਤਾਂ ਜੋ ਹੋਰ ਪਰਿਵਾਰ ਇਸ ਨਾ ਮਿਟਣ ਵਾਲੇ ਦਰਦ ਤੋਂ ਬਚ ਸਕਣ। ਅਸੀਂ ਨਸ਼ਿਆਂ ਕਾਰਨ ਆਪਣਾ ਪੂਰਾ ਪਰਿਵਾਰ ਗਵਾ ਲਿਆ ਹੈ। ਇਹ ਦਰਦਨਾਕ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਦੂਜੇ ਬਚ ਜਾਣ।”
ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਛੇ ਪੁੱਤਰਾਂ ਦੀ ਮੌਤ ਤੋਂ ਬਾਅਦ ਨਾ ਤਾਂ ਇਲਾਕਾ ਵਿਧਾਇਕ ਅਤੇ ਨਾ ਹੀ ਕੋਈ ਸੀਨੀਅਰ ਪੁਲੀਸ ਅਧਿਕਾਰੀ ਉਨ੍ਹਾਂ ਦੀ ਬਾਤ ਪੁੱਛਣ ਆਇਆ। ਸਥਾਨਕ ਭਾਈਚਾਰੇ ਨੇ ਨਸ਼ਾ ਸਪਲਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤੇ ਹਨ, ਜੋ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਵਿਆਪਕ ਸੰਕਟ ਨੂੰ ਉਜਾਗਰ ਕਰਦੇ ਹਨ। ਹੁਣ ਪਰਿਵਾਰ ਵਿੱਚ ਉਸ ਦੀ ਇੱਕ ਨੂੰਹ ਅਤੇ ਇੱਕ ਪੋਤਾ ਰਹਿ ਗਏ ਹਨ।
ਨਸ਼ਿਆਂ ਖ਼ਿਲਾਫ਼ ਸਮੂਹ ਪਾਰਟੀਆਂ ਇਕਜੁੱਟ ਹੋਣ: ਸ਼ਰਮਾ
ਭਾਜਪਾ ਆਗੂ ਅਸ਼ਵਨੀ ਕੁਮਾਰ ਸ਼ਰਮਾ ਅੱਜ ਪੀੜਤ ਪਰਿਵਾਰ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਬੋਲਦਿਆਂ ਆਖਿਆ ਕਿ ‘ਆਪ’ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਵਫ਼ਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਨਸ਼ੇ ਕਾਰਨ ਸੱਤ ਜੀਅ ਗੁਆਉਣ ਵਾਲੇ ਸ਼ੇਰੇਵਾਲ ਦੇ ਇਸ ਪਰਿਵਾਰ ਨੂੰ ਸਰਕਾਰ ਜਵਾਬ ਦੇਵੇ ਕਿ ਨਸ਼ਾ ਖ਼ਤਮ ਕਿਉਂ ਨਹੀਂ ਹੋਇਆ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਨਸ਼ਿਆਂ ਖ਼ਿਲਾਫ਼ ਇੱਕ ਮੰਚ ’ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇ ਪੰਜਾਬ ਦੇ ਲੋਕ ਬਚਣਗੇ ਤਾਂ ਹੀ ਰਾਜਨੀਤੀ ਹੋਵੇਗੀ, ਲਾਸ਼ਾਂ ਵੋਟ ਨਹੀਂ ਪਾ ਸਕਦੀਆਂ।
ਪੰਜਾਬੀ ਟ੍ਰਿਬਯੂਨ