ਕਿਸਾਨਾਂ ਤੇ ਸੈਲਾਨੀਆਂ ਦੇ ਚਿਹਰਿਆਂ ’ਤੇ ਰੌਣਕ; ਪੰਜਾਬ ’ਚ 294 ਮਿਲੀਮੀਟਰ ਮੀਂਹ ਦਰਜ
24 ਜਨਵਰੀ, 2026 – ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਮੈਦਾਨਾਂ ’ਚ ਅੱਜ ਪਏ ਭਰਵੇਂ ਮੀਂਹ ਅਤੇ ਉੱਚੇ ਪਹਾੜੀ ਇਲਾਕਿਆਂ ’ਚ ਹੋਈ ਬਰਫ਼ਬਾਰੀ ਨੇ ਇਸ ਸਰਦ ਰੁੱਤ ਦਾ ਲੰਮੇ ਸਮੇਂ ਜਾਰੀ ਸੋਕਾ ਖਤਮ ਕਰ ਦਿੱਤਾ ਹੈ। ਮੀਂਹ ਨੇ ਕਿਸਾਨਾਂ ਤੇ ਬਰਫ਼ਬਾਰੀ ਨੇ ਸੈਲਾਨੀਆਂ ਦੇ ਚਿਹਰੇ ’ਤੇ ਖੁਸ਼ੀ ਲਿਆ ਦਿੱਤੀ ਹੈ। ਮੀਂਹ ਕਾਰਨ ਪੰਜਾਬ ਸਣੇ ਮੈਦਾਨੀ ਇਲਾਕਿਆਂ ’ਚ ਆਮ ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਪੰਜਾਬ ’ਚ ਸਵੇਰੇ 9 ਵਜੇ ਤੱਕ 294 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਨਾਭਾ ’ਚ ਬਿਜਲੀ ਦੇ ਖੰਭੇ ’ਚ ਕਰੰਟ ਆਉਣ ਨਾਲ 18 ਸਾਲਾ ਲੜਕੇ ਦੀ ਮੌਤ ਹੋ ਗਈ; ਚੰਡੀਗੜ੍ਹ ਦੇ ਮਨੀਮਾਜਰਾ ’ਚ ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਬੱਚੇ ਜ਼ਖ਼ਮੀ ਹੋਏ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਿੱਬੜ ’ਚ ਮੁਰਗੀਖ਼ਾਨਾ ਢਹਿਣ ਨਾਲ ਕਰੀਬ 7500 ਤੋਂ ਜ਼ਿਆਦਾ ਚੂਜ਼ੇ ਮਰੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ’ਚ ਲੰਘੇ 24 ਘੰਟਿਆਂ ਤੋਂ ਪੈ ਰਹੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ’ਚ ਵਿਘਨ ਪਿਆ ਅਤੇ ਵੱਡੀ ਗਿਣਤੀ ਵਿੱਚ ਦਰੱਖਤ ਵੀ ਡਿੱਗੇ।ਬਨੂੜ-ਭਬਾਤ 66 ਕੇਵੀ ਲਾਈਨ ’ਤੇ ਨਿਰਮਾਣ ਅਧੀਨ ਟ੍ਰਾਂਸਮਿਸ਼ਨ ਟਾਵਰ ਡਿੱਗ ਗਿਆ, ਜਿਸ ਕਾਰਨ ਜ਼ੀਰਕਪੁਰ ਖੇਤਰ ਵਿੱਚ ਸਪਲਾਈ ’ਚ ਵਿਘਨ ਪਿਆ।
ਸੂਬੇ ਵਿੱਚ ਲਗਭਗ 600 ਤੋਂ ਵੱਧ ਖੰਭੇ ਡਿੱਗਣ ਦੀ ਰਿਪੋਰਟ ਹੈ ਤੇ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਬਿਜਲੀ ਮੁਲਾਜ਼ਮ ਦਿਨ ਭਰ ਸਪਲਾਈ ਬਹਾਲ ਕਰਨ ’ਚ ਜੁਟੇ ਰਹੇ। ਮੌਸਮ ਵਿਭਾਗ ਨੇ 24-25 ਜਨਵਰੀ ਨੂੰ ਮੌਸਮ ਆਮ ਵਾਂਗ ਰਹਿਣ ਅਤੇ 26 ਜਨਵਰੀ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਗੁਰਦਾਸਪੁਰ ’ਚ ਸਭ ਤੋਂ ਵੱਧ 48.7 ਅਤੇ ਪਠਾਨਕੋਟ ’ਚ 34.2 ਤੇ ਅੰਮ੍ਰਿਤਸਰ ’ਚ 25.2 ਐੱਮ ਐੱਮ ਮੀਂਹ ਪਿਆ ਹੈ। ਫ਼ਿਰੋਜ਼ਪੁਰ, ਮੋਗਾ, ਜਲੰਧਰ, ਬਰਨਾਲਾ, ਸੰਗਰੂਰ, ਲੁਧਿਆਣਾ, ਤਰਨ ਤਾਰਨ ਤੇ ਰੋਪੜ ’ਚ ਵੀ ਭਰਵਾਂ ਮੀਂਹ ਪਿਆ ਹੈ। ਪੰਜਾਬ ’ਚ ਮੀਂਹ ਕਾਰਨ ਤਾਪਮਾਨ ’ਚ 8.9 ਡਿਗਰੀ ਤੱਕ ਦੀ ਕਮੀ ਦਰਜ ਕੀਤੀ ਗਈ। ਹਰਿਆਣਾ ਦੇ ਹਿਸਾਰ, ਅੰਬਾਲਾ, ਕਰਨਾਲ, ਸਿਰਸਾ, ਭਿਵਾਨੀ, ਰੋਹਤਕ ਆਦਿ ਥਾਵਾਂ ’ਤੇ ਮੀਂਹ ਪਿਆ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਅੱਜ ਮੌਸਮ ਵੀ ਪਹਿਲੀ ਬਰਫ਼ਬਾਰੀ ਹੋਣ ਨਾਲ ਸੈਲਾਨੀ ਖੁਸ਼ ਨਜ਼ਰ ਆਏ।
ਮਨਾਲੀ ਨੇੜੇ ਕੋਠੀ ਪਿੰਡ ’ਚ 15 ਸੈਂਟੀ ਮੀਟਰ ਬਰਫ਼ਬਾਰੀ ਹੋਈ ਜੋ ਸੂਬੇ ’ਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਲਾਹੌਲ ਤੇ ਸਪਿਤੀ ਦੇ ਗੋਂਦਲਾ, ਕੁਕੁਮਸੇਰੀ ਤੇ ਹੰਸਾ ਪਿੰਡਾਂ ’ਚ ਕ੍ਰਮਵਾਰ 12, 6.8 ਤੇ 5 ਸੈਂਟੀਮੀਟਰ, ਸ਼ਿਮਲਾ ਦੇ ਜੁੱਬਲ ’ਚ 6, ਮਨਾਲੀ ’ਚ 4.8, ਕੇਲਾਂਗ ਤੇ ਕੁਫਰੀ ’ਚ 4-4 ਤੇ ਸ਼ਿਮਲਾ ’ਚ 0.6 ਸੈਂਟੀਮੀਟਰ ਬਰਫ ਪਈ ਹੈ। ਇਸੇ ਤਰ੍ਹਾਂ ਕਸ਼ਮੀਰ ਘਾਟੀ ਦੇ ਸ੍ਰੀਨਗਰ, ਗੁਲਮਰਗ, ਸੋਨਮਰਗ, ਪਹਿਲਗਾਮ, ਬਡਗਾਮ, ਬਾਰਾਮੁੱਲਾ, ਕੁਪਵਾੜਾ, ਪੁਲਵਾਮਾ ਤੇ ਬਾਂਦੀਪੋਰਾ ’ਚ ਅਤੇ ਜੰਮੂ ਦੇ ਮਾਤਾ ਵੈਸ਼ਨੋ ਦੇਵੀ ਮੰਦਰ, ਰਾਮਬਨ, ਡੋਡਾ, ਕਿਸ਼ਤਵਾੜ, ਪੁਣਛ, ਰਾਜੌਰੀ, ਰਿਆਸੀ, ਊਧਮਪੁਰ ਤੇ ਕਠੂਆ ਜ਼ਿਲ੍ਹਿਆਂ ’ਚ ਭਾਰੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ਬੰਦ ਕਰ ਦਿੱਤਾ ਗਿਆ ਹੈ ਅਤੇ ਸ੍ਰੀਨਗਰ ਹਵਾਈ ਅੱਡੇ ’ਤੇ ਹਵਾਈ ਸੇਵਾ ਬੰਦ ਕਰ ਦਿੱਤੀ ਗਈ ਹੈ।
ਫਸਲਾਂ ਲਈ ਮੀਂਹ ਲਾਹੇਵੰਦ
ਚੰਡੀਗੜ੍ਹ : ਕਿਸਾਨ ਮੀਂਹ ਦੀ ਉਡੀਕ ਰਹੇ ਸਨ ਅਤੇ ਕਣਕ ਦੀ ਫ਼ਸਲ ਲਈ ਇਹ ਮੀਂਹ ਕਾਫ਼ੀ ਲਾਹੇਵੰਦ ਹੈ। ਖੇਤੀ ਵਿਭਾਗ ਪੰਜਾਬ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਧਰੋਂ ਵੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੁਕਤਸਰ ਸਮੇਤ ਕਈ ਥਾਵਾਂ ’ਤੇ ਗੜੇ ਪੈਣ ਕਾਰਨ ਕਿਸਾਨ ਫ਼ਿਕਰਮੰਦ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਤਾਵਰਨ ਤਬਦੀਲੀ ਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੀ ਪ੍ਰੋਫੈਸਰ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਹ ਮੀਂਹ ਕਣਕ ਸਮੇਤ ਹਾੜ੍ਹੀ ਦੀਆਂ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਮਾਨਸਾ ਦੇ ਪਿੰਡ ਅਲੀਸ਼ੇਰ ਖ਼ੁਰਦ ਦੇ ਕਿਸਾਨ ਨਿਰਮਲ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦ ਹੈ।
ਪੰਜਾਬੀ ਟ੍ਰਿਬਯੂਨ