ਪੰਜਾਬ ਪੁਲੀਸ ਦੇ ਸੇਵਾਮੁਕਤ ਡੀ ਆਈ ਜੀ ਇੰਦਰਜੀਤ ਸਿੰਘ ਸਿੱਧੂ ਨੂੰ ਪ੍ਰਦਮ ਸ੍ਰੀ ਐਵਾਰਡ ਮਿਲੇਗਾ। ਗਣਤੰਤਰ ਦਿਵਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ‘ਅਣਗੌਲੇ ਨਾਇਕ’ ਵਰਗ ’ਚ ਇਸ ਸਾਬਕਾ ਪੁਲੀਸ ਅਧਿਕਾਰੀ ਦੀ ਪਦਮ ਸ੍ਰੀ ਐਵਾਰਡ ਲਈ ਚੋਣ ਕੀਤੀ ਹੈ।
27 ਜਨਵਰੀ, 2026 – ਚੰਡੀਗੜ੍ਹ : ਪੰਜਾਬ ਪੁਲੀਸ ਦੇ ਸੇਵਾਮੁਕਤ ਡੀ ਆਈ ਜੀ ਇੰਦਰਜੀਤ ਸਿੰਘ ਸਿੱਧੂ ਨੂੰ ਪ੍ਰਦਮ ਸ੍ਰੀ ਐਵਾਰਡ ਮਿਲੇਗਾ। ਗਣਤੰਤਰ ਦਿਵਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ‘ਅਣਗੌਲੇ ਨਾਇਕ’ ਵਰਗ ’ਚ ਇਸ ਸਾਬਕਾ ਪੁਲੀਸ ਅਧਿਕਾਰੀ ਦੀ ਪਦਮ ਸ੍ਰੀ ਐਵਾਰਡ ਲਈ ਚੋਣ ਕੀਤੀ ਹੈ। ਚੰਡੀਗੜ੍ਹ ਦੇ ਸੈਕਟਰ 49 ਦੀ ਇੱਕ ਸੁਸਾਇਟੀ ’ਚ ਰਹਿ ਰਹੇ ਸ੍ਰੀ ਸਿੱਧੂ ਨੇ ਸੇਵਾਮੁਕਤੀ ਮਗਰੋਂ ਲੋਕ ਸੇਵਾ ਨੂੰ ਚੁਣਿਆ। ਉਹ 1964 ਬੈਚ ਦੇ ਅਧਿਕਾਰੀ ਹਨ ਅਤੇ 1996 ’ਚ ਪੰਜਾਬ ਪੁਲੀਸ ’ਚੋਂ ਬਤੌਰ ਡੀ ਆਈ ਜੀ ਸੇਵਾਮੁਕਤ ਹੋਏ ਸਨ। ਸਾਬਕਾ ਡੀ ਆਈ ਜੀ ਸ੍ਰੀ ਸਿੱਧੂ ਦਿਨ ਚੜ੍ਹਦੇ ਹੀ ਰੋਜ਼ਾਨਾ ਛੇ ਵਜੇ ਜਜ਼ਬੇ ਨਾਲ ਘਰੋਂ ਨਿਕਲਦੇ ਹਨ। ਉਹ ਇੱਕ ਹੱਥ ’ਚ ਝਾੜੂ ਅਤੇ ਦੂਜੇ ਹੱਥ ਥੈਲਾ ਲੈ ਕੇ ਗਲੀ-ਮੁਹੱਲੇ ਵਿੱਚ ਕੂੜਾ ਇਕੱਠਾ ਕਰਦੇ ਹਨ। ਖ਼ਰਾਬ ਮੌਸਮ ਦੇ ਬਾਵਜੂਦ ਸ੍ਰੀ ਸਿੱਧੂ ਦਾ ਮਿਸ਼ਨ ਜਾਰੀ ਰਹਿੰਦਾ ਹੈ।
ਉਨ੍ਹਾਂ ਸਫ਼ਾਈ ਲਈ ਨਗਰ ਨਿਗਮ ਤਕ ਪਹੁੰਚ ਕੀਤੀ ਪਰ ਜਦੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਉਨ੍ਹਾਂ ਖ਼ੁਦ ਹੀ ਹੰਭਲਾ ਮਾਰਿਆ। ਉਹ ਇੱਕ ਰੇਹੜੀ ਲੈ ਕੇ ਰੋਜ਼ਾਨਾ ਕੂੜਾ ਕਰਕਟ ਇਕੱਠਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਲੋਕ ਉਨ੍ਹਾਂ ‘ਪਾਗਲ’ ਤੱਕ ਆਖ ਦਿੰਦੇ ਸਨ ਪਰ ਉਹ ਸ਼ਾਂਤ ਮਨ ਨਾਲ ਆਪਣੇ ਮਿਸ਼ਨ ’ਚ ਜੁਟੇ ਰਹੇ। ਹੁਣ ਉਨ੍ਹਾਂ ਨੂੰ ਲੋਕਾਂ ਦਾ ਸਮਰਥਨ ਮਿਲਣ ਲੱਗਿਆ ਹੈ। ਸਾਬਕਾ ਅਧਿਕਾਰੀ ਸਫ਼ਾਈ ਲਈ ਆਪਣੀ ਇਸ ਮੁਹਿੰਮ ਨੂੰ ਨਿਗੂਣਾ ਯੋਗਦਾਨ ਆਖਦੇ ਹਨ। ਉਨ੍ਹਾਂ ਕਿਹਾ ਕਿ ਉਹ ਆਖ਼ਰੀ ਸਾਹ ਤੱਕ ਸਾਫ਼-ਸਫ਼ਾਈ ਲਈ ਕੰਮ ਕਰਦੇ ਰਹਿਣਗੇ।
ਸੇਵਾਮੁਕਤੀ ਦੇ ਤਿੰਨ ਦਹਾਕੇ ਬੀਤਣ ਮਗਰੋਂ ਵੀ ਉਨ੍ਹਾਂ ਦੀ ਹਿੰਮਤ ਬਰਕਰਾਰ ਹੈ। ਕੋਈ ਵੀ ਅੜਿੱਕਾ ਉਨ੍ਹਾਂ ਦੀ ਰੇਹੜੀ ਲਈ ਰੁਕਾਵਟ ਨਹੀਂ ਬਣ ਸਕਿਆ ਹੈ। ਉਹ ਆਖਦੇ ਹਨ ਕਿ ਵਿਦੇਸ਼ਾਂ ’ਚ ਹਰ ਗਲੀ-ਮੁਹੱਲਾ ਸਾਫ਼ ਹੁੰਦਾ ਹੈ ਪਰ ਇੱਥੇ ਭਾਰਤ ’ਚ ਅਜਿਹਾ ਨਹੀਂ ਹੈ। ਇੱਥੇ ਜੇ ਹਰ ਵਿਅਕਤੀ ਆਪਣਾ ਫ਼ਰਜ਼ ਸਮਝੇ ਤਾਂ ਸਾਫ਼-ਸੁਥਰਾ ਸ਼ਹਿਰ ਇੱਥੇ ਵੀ ਸੰਭਵ ਹੈ।
ਪੰਜਾਬੀ ਟ੍ਰਿਬਯੂਨ