ਨਿਹੰਗ ਸਿੰਘਾਂ ਨੇ ਛੁਡਵਾਈ ਕੁੜੀ
ਸਤਸੰਗ ਦੇ ਬਹਾਨੇ ਲਿਜਾ ਕੇ ਮਾਛੀਵਾੜਾ ਵਿੱਚ ਰੱਖਿਆ ਸੀ ਕੈਦ; ਮੁੱਖ ਮੁਲਜ਼ਮ ਚਮਨ ਲਾਲ ਗ੍ਰਿਫਤਾਰ
31 ਜਨਵਰੀ, 2026 – ਖੰਨਾ : ਪੁਲੀਸ ਨੇ ਇੱਕ ਅਜਿਹੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਜਿੱਥੇ ਚਮਨ ਲਾਲ ਨਾਮੀ ਇੱਕ ਪਾਸਟਰ ’ਤੇ ਕਰਤਾਰ ਨਗਰ ਇਲਾਕੇ ਦੀ 21 ਸਾਲਾ ਕੁੜੀ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਇਲਜ਼ਾਮ ਲੱਗੇ ਹਨ। ਪੀੜਤ ਕੁੜੀ ਦੇ ਪਿਤਾ ਸਤਪਾਲ ਮਸੀਹ ਨੇ ਦੱਸਿਆ ਕਿ 7 ਜਨਵਰੀ ਨੂੰ ਚਮਨ ਲਾਲ ਉਨ੍ਹਾਂ ਦੀ ਧੀ ਨੂੰ ‘ਸਤਸੰਗ’ ’ਤੇ ਲੈ ਜਾਣ ਦੇ ਬਹਾਨੇ ਨਾਲ ਆਪਣੇ ਨਾਲ ਲੈ ਗਿਆ ਸੀ ਪਰ ਬਾਅਦ ਵਿੱਚ ਉਸ ਨੂੰ ਮਾਛੀਵਾੜਾ ਦੇ ਕਿਸੇ ਗੁਪਤ ਟਿਕਾਣੇ ’ਤੇ ਕੈਦ ਕਰ ਲਿਆ।
ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਕੁੜੀ ਵਾਪਸ ਨਾ ਆਈ ਤਾਂ ਤਰਨਾ ਦਲ ਦੇ ਨਿਹੰਗ ਸਿੰਘਾਂ ਦੀ ਮਦਦ ਲਈ ਗਈ, ਜਿਨ੍ਹਾਂ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਵੀਰਵਾਰ ਨੂੰ ਕੁੜੀ ਨੂੰ ਮੁਲਜ਼ਮ ਦੇ ਚੁੰਗਲ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ।
ਡੀ.ਐਸ.ਪੀ. ਖੰਨਾ ਵਿਨੋਦ ਕੁਮਾਰ ਨੇ ਦੱਸਿਆ ਕਿ ਸਤਪਾਲ ਮਸੀਹ ਦੇ ਬਿਆਨਾਂ ਦੇ ਆਧਾਰ ’ਤੇ ਐਫ.ਆਈ.ਆਰ. ਦਰਜ ਕਰਕੇ ਮੁੱਖ ਮੁਲਜ਼ਮ ਚਮਨ ਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ’ਤੇ ਇਸ ਘਟਨਾ ਅਤੇ ਨਿਹੰਗ ਜੱਥੇਬੰਦੀ ਵੱਲੋਂ ਦਿੱਤੀਆਂ ਚੇਤਾਵਨੀਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਹਰਕਤ ਵਿੱਚ ਆਈ।
ਜਾਂਚ ਟੀਮ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਅਗਵਾ ਪਿੱਛੇ ਅਸਲ ਮਕਸਦ ਕੀ ਸੀ ਅਤੇ ਕੀ ਇਸ ਵਿੱਚ ਮੁਲਜ਼ਮ ਦੀ ਪਤਨੀ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਪੁਲੀਸ ਵੱਲੋਂ ਮੁਲਜ਼ਮ ਦੇ ਪੁਰਾਣੇ ਰਿਕਾਰਡ ਦੀ ਵੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾ ਰਹੀ ਹੈ।
ਪੰਜਾਬੀ ਟ੍ਰਿਬਯੂਨ