06 ਫਰਵਰੀ, 2026 – ਮਾਨਸਾ : ਇੱਥੇ ਅੱਜ ਭਾਜਪਾ ਵਰਕਰਾਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ। ਭਾਜਪਾ ਆਗੂ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਐਨੇ ਵੱਡੇ ਅਹੁਦੇ ’ਤੇ ਹੋ ਕੇ ਇੱਕ ਕੇਂਦਰੀ ਮੰਤਰੀ ਬਾਰੇ ਇਹੋ-ਜਿਹੇ ਲਫਜ਼ ਬੋਲਣਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ ਹੈ। ਅਸ਼ੀਸ਼ ਅਗਰਵਾਲ ਨੇ ਵੀ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਬਾਘਾਪੁਰਾਣਾ : ਸਥਾਨਕ ਸ਼ਹਿਰ ਵਿੱਚ ਸਥਿਤ ਭਾਜਪਾ ਦਫ਼ਤਰ ਦੇ ਸਾਹਮਣੇ ਦੀਪਕ ਤਲਵਾੜ ਮੰਡਲ ਪ੍ਰਧਾਨ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੰਡਲ ਪ੍ਰਧਾਨ ਦੀਪਕ ਤਲਵਾੜ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਦੇਸ਼ ਦੀ ਮਹਾਂ ਪੰਚਾਇਤ ਦੇ ਜ਼ਿੰਮੇਵਾਰ ਸੰਸਦ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ ਵਰਤੀ ਬੇਹੱਦ ਭੱਦੀ ਸ਼ਬਦਾਵਲੀ ਅਤੀ ਨਿੰਦਣਯੋਗ ਅਤੇ ਨਾ-ਬਰਦਾਸ਼ਤਯੋਗ ਹੈ, ਜਿਸ ਕਾਰਨ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕੇਂਦਰੀ ਮੰਤਰੀ ਰਵਨੀਤ ਬਿੱਟੂ ਕੋਲੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ, ਜੇ ਉਨ੍ਹਾਂ ਅਜਿਹਾ ਨਾ ਕੀਤਾ ਤਾਂ ਭਾਜਪਾ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਹੋਵੇਗੀ।
ਡੱਬਵਾਲੀ : ਇੱਥੇ ਅੱਜ ਭਾਜਪਾ ਵਰਕਰਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ। ਸ਼ਹੀਦੀ ਚੌਕ ’ਤੇ ਹੋਏ ਪ੍ਰਦਰਸ਼ਨ ਦੌਰਾਨ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵਕੁਮਾਰ ਸ਼ਰਮਾ ਅਤੇ ਭਾਜਪਾ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਮਾਂਗੇਆਣਾ ਨੇ ਸੰਬੋਧਨ ਕੀਤਾ।
ਪੰਜਾਬੀ ਟ੍ਰਿਬਯੂਨ