ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਭਲਕੇ; ਟਰਾਂਸਪੋਰਟ ਸਕੱਤਰ ਨੇ ਮੀਟਿੰਗ ਸੱਦੀ
11 ਫਰਵਰੀ, 2026 – ਪਟਿਆਲਾ : ਪੰਜਾਬ ਰੋਡਵੇਜ਼, ਪੀ ਆਰ ਟੀ ਸੀ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸੂਬਾਈ ਤਰਜਮਾਨ ਹਰਕੇਸ਼ ਵਿੱਕੀ (ਪਟਿਆਲਾ) ਨੇ ਦੱਸਿਆ ਕਿ ਦੋ ਮਹੀਨਿਆਂ ਤੋਂ ਜੇਲ੍ਹਾਂ ਵਿੱਚ ਬੰਦ ਆਪਣੇ ਸਾਥੀਆਂ ਦੀ ਰਿਹਾਈ ਅਤੇ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ ਯੂਨੀਅਨ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ 11 ਫਰਵਰੀ ਨੂੰ 12 ਵਜੇ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ ਅਤੇ 12 ਫਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉੱਧਰ, ਯੂਨੀਅਨ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਮਗਰੋਂ ਟਰਾਂਸਪੋਰਟ ਸਕੱਤਰ ਨੇ 11 ਫਰਵਰੀ ਨੂੰ ਯੂਨੀਅਨ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਪਹਿਲਾਂ ਮੀਟਿੰਗ ਦਾ ਜੋ ਸਮਾਂ 4 ਵਜੇ ਰੱਖਿਆ ਗਿਆ ਸੀ, ਉਹ ਵੀ ਦੁਪਹਿਰ 12 ਵਜੇ ਦਾ ਕਰ ਦਿੱਤਾ ਗਿਆ ਹੈ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਪ੍ਰੋਗਰਾਮ ਸਬੰਧੀ ਸਰਕਾਰ ਅਤੇ ਹੋਰਨਾਂ ਧਿਰਾਂ ਵੱਲੋਂ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ, ਪਰ ਯੂਨੀਅਨ ਵੱਲੋਂ ਅੱਜ ਮੁੜ ਮੀਟਿੰਗ ਕਰ ਕੇ ਇਸ ਫੈਸਲੇ ’ਤੇ ਮੋਹਰ ਲਗਾਈ ਗਈ ਕਿ ਉਲੀਕੇ ਪ੍ਰੋਗਰਾਮ ਤਹਿਤ 11 ਫਰਵਰੀ ਨੂੰ ਬੱਸਾਂ ਦਾ ਚੱਕਾ ਜਾਮ ਕਰ ਕੇ 12 ਫਰਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਯੂਨੀਅਨ ਵੱਲੋਂ ਦੋ ਮਹੀਨੇ ਪਹਿਲਾਂ ਸੂਬੇ ਭਰ ਵਿੱਚ ਹੜਤਾਲ ਕੀਤੀ ਗਈ ਸੀ। ਇਸ ਦੌਰਾਨ, ਪਟਿਆਲਾ ਤੇ ਸੰਗਰੂਰ ਪੁਲੀਸ ਨੇ ਕਈ ਯੂਨੀਅਨ ਆਗੂਆਂ ਖ਼ਿਲਾਫ਼ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਸਨ ਤੇ ਦਰਜਨਾਂ ਹੋਰ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਸੀ।
ਪੰਜਾਬੀ ਟ੍ਰਿਬਯੂਨ