ਕੁੱਟਮਾਰ ਕਰ ਕੇ ਗੱਡੀ, ਅਸਲਾ ਖੋਹ ਕੇ ਫ਼ਰਾਰ; ਜਾਂਚ ਦੀ ਮੰਗ
11 ਫਰਵਰੀ, 2026 – ਮਾਨਸਾ : ਇੱਕ ਵਿਅਕਤੀ ਤੋਂ ਕਥਿਤ ਤੌਰ ’ਤੇ ਕੁੱਟਮਾਰ ਕਰ ਕੇ ਉਸ ਦੀ ਗੱਡੀ ਅਤੇ ਅਸਲਾ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਵਿਅਕਤੀ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਮਾਨਸਾ ਅਪਰੇਸ਼ਨ ਪ੍ਰਹਾਰ-2:0 ਮੁਹਿੰਮ ਲਈ ਪੁੱਜੇ ਡੀ ਆਈ ਜੀ ਹਰਜੀਤ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸਿਵਲ ਹਸਪਤਾਲ ਵਿੱਚ ਦਾਖ਼ਲ ਮਾਨਸਾ ਵਾਸੀ ਗੁਰਦੀਪ ਸਿੰਘ ਝੰਡੂਕੇ ਨੇ ਦੱਸਿਆ ਕਿ ਕੱਲ੍ਹ ਉਹ ਕਾਰ ’ਤੇ ਮੁਕਤਸਰ ਵਿੱਚ ਵਿਆਹ ਸਮਾਗਮ ਵਿੱਚ ਜਾ ਰਹੇ ਸਨ। ਰਮਦਿੱਤੇਵਾਲਾ ਚੌਕ ਵਿੱਚ ਪੁਲੀਸ ਮੁਲਾਜ਼ਮ ਨੇ ਹੱਥ ਦੇ ਕੇ ਰੋਕਿਆ ਅਤੇ ਲਿਫ਼ਟ ਮੰਗੀ।
ਮਗਰੋਂ ਪੁਲੀਸ ਮੁਲਾਜ਼ਮ ਨੇ ਉਸ ਨਾਲ ਗੱਡੀ ਵਿੱਚ ਹੀ ਹੱਥੋ-ਪਾਈ ਕੀਤੀ ਅਤੇ ਕੁੱਟਮਾਰ ਕਰਕੇ ਉਸ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ। ਉਸ ਦੀ ਗੱਡੀ ਅਤੇ ਅਸਲਾ ਲੈ ਕੇ ਪੁਲੀਸ ਮੁਲਾਜ਼ਮ ਫਰਾਰ ਹੋ ਗਿਆ। ਪੀੜਤ ਗੁਰਦੀਪ ਸਿੰਘ ਝੰਡੂਕੇ ਦੇ ਪੁੱਤਰ ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਉਹ ਪੁਲੀਸ ਮੁਲਾਜ਼ਮ ਨਾ ਹੋਵੇ, ਲੁੱਟ ਕਰਨ ਲਈ ਹੀ ਪੁਲੀਸ ਦੀ ਵਰਦੀ ਪਾਈ ਹੋਵੇ।
ਉਨ੍ਹਾਂ ਮਾਨਸਾ ਪੁਲੀਸ ਤੋਂ ਇਸ ਦੀ ਜਾਂਚ ਅਤੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਉਸ ਨੂੰ ਨੌਕਰੀਓ ਕੱਢਿਆ ਜਾਵੇ। ਉਧਰ, ਡੀ ਆਈ ਜੀ ਹਰਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਜਾਂਚ ਮੰਗਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਪੰਜਾਬੀ ਟ੍ਰਿਬਯੂਨ