ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
20 ਫਰਵਰੀ, 2026 – ਚਮਕੌਰ ਸਾਹਿਬ : ਚਮਕੌਰ ਸਾਹਿਬ ਵਿੱਚ ਲਗਾਤਾਰ ਅਵਾਰਾ ਕੁੱਤਿਆਂ ਦੀ ਭਰਮਾਰ ਵੱਧਦੀ ਜਾ ਰਹੀ, ਜਿਸ ਕਾਰਨ ਲੋਕ ਡਰ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ। ਇਨ੍ਹਾਂ ਅਵਾਰਾ ਕੁੱਤਿਆਂ ਵੱਲੋਂ ਫੈਲਾਈ ਜਾ ਰਹੀ ਗੰਦਗੀ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਹਰੇਕ ਵਾਰਡ ਵਿੱਚ ਅਵਾਰਾ ਕੁੱਤੇ ਬੇਖੌਫ਼ ਘੁੰਮ ਰਹੇ ਹਨ, ਜਿਸ ਕਾਰਨ ਬਜ਼ੁਰਗ ਅਤੇ ਸਕੂਲ ਜਾਣ ਵਾਲੇ ਬੱਚਿਆ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਵੇਂ ਸਰਬ ਉੱਚ ਅਦਾਲਤ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ, ਉਸ ਦੇ ਬਾਵਜੂਦ ਵੀ ਇਨ੍ਹਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਚਿੰਤਾਜਨਕ ਹੈ। ਮੁਲਾਜ਼ਮ ਆਗੂ ਮਲਾਗਰ ਸਿੰਘ ਅਤੇ ਸਮਾਜ ਸੇਵੀ ਅਰਵਿੰਦਰਜੀਤ ਸਿੰਘ ਨੇ ਇਸ ਮਾਮਲੇ ਨੂੰ ਇੱਥੇ ਆਮਦ ਤੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤਿਆਂ ਦੇ ਗਲੀਆਂ ਤੇ ਸੜਕਾਂ ’ਤੇ ਘੁੰਮਦੇ ਝੁੰਡ ਲੋਕਾਂ ਦੇ ਪਿੱਛੇ ਪੈਂਦੇ ਹਨ, ਜਿਸ ਕਾਰਨ ਉਹ ਕਈ ਵਾਰ ਜ਼ਖਮੀ ਵੀ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨੇ ਤੁਰੰਤ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਾਨਯੋਗ ਹਾਈਕੋਰਟ ਦੇ ਚੀਫ ਜਸਟਿਸ ਨੂੰ ਵੀ ਬੇਨਤੀ ਪੱਤਰ ਭੇਜੇ ਗਏ ਹਨ।
ਪੰਜਾਬੀ ਟ੍ਰਿਬਯੂਨ