ਵਿਦਿਆਰਥੀ ਚਿੰਤਤ, ਪੀ ਐੱਸ ਈ ਬੀ ਅਧਿਕਾਰੀਆਂ ਨੇ ਉੱਚ ਪੱਧਰੀ ਮੀਟਿੰਗ ਸੱਦੀ
21 ਫਰਵਰੀ, 2026 – ਅੰਮ੍ਰਿਤਸਰ/ਬਠਿੰਡਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਅੱਠਵੀਂ ਦੀ ਸਾਲਾਨਾ ਪ੍ਰੀਖਿਆ ਵਿੱਚ ਅੱਜ ਵੱਡੀ ਕੁਤਾਹੀ ਸਾਹਮਣੇ ਆਈ ਹੈ। ਸਾਇੰਸ ਵਿਸ਼ੇ ਦੇ ਪ੍ਰਸ਼ਨ ਪੱਤਰ ਦੇ ਪੰਜਾਬੀ ਸੰਸਕਰਨ ਵਿੱਚ ਪੰਜ-ਪੰਜ ਅੰਕਾਂ ਦੇ ਤਿੰਨ ਪ੍ਰਸ਼ਨ ਛਾਪੇ ਹੀ ਨਹੀਂ ਗਏ। ਤਿੰਨ ਭਾਸ਼ਾਵਾਂ ਵਿੱਚ ਛਾਪੇ ਜਾਂਦੇ ਪ੍ਰਸ਼ਨ ਪੱਤਰਾਂ ਵਿੱਚੋਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ ਪ੍ਰਸ਼ਨ ਨੰਬਰ 28, 29 ਅਤੇ 30 ਮੌਜੂਦ ਸਨ ਪਰ ਮਾਂ ਬੋਲੀ ਪੰਜਾਬੀ ਵਿੱਚ ਇਹ ਤਿੰਨੋਂ ਪ੍ਰਸ਼ਨ ਛਪਣ ਤੋਂ ਰਹਿ ਗਏ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਲਈ ਗਈ ਅੱਠਵੀਂ ਜਮਾਤ ਦੀ ਵਿਗਿਆਨ ਦੀ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬੀ ਮਾਧਿਅਮ ਵਾਲੇ ਪ੍ਰਸ਼ਨ ਪੱਤਰ ਦੇ ਇੱਕ ਸੈੱਟ ਵਿੱਚੋਂ ਪੰਜ-ਪੰਜ ਅੰਕਾਂ ਵਾਲੇ ਤਿੰਨ ਸਵਾਲ ਗਾਇਬ ਸਨ। ਇਸ ਕਾਰਨ ਸੂਬੇ ਦੇ ਕਈ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਵਿੱਚ ਭੰਬਲਭੂਸਾ ਅਤੇ ਚਿੰਤਾ ਪੈਦਾ ਹੋ ਗਈ।
ਜ਼ਿਆਦਾਤਰ ਪ੍ਰੀਖਿਆ ਕੇਂਦਰਾਂ ਵਿੱਚ ਨਿਗਰਾਨੀ ਕਰ ਰਹੇ ਅਧਿਆਪਕਾਂ ਨੂੰ ਪੂਰਾ ਪ੍ਰਸ਼ਨ ਪੱਤਰ ਪੜ੍ਹਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਇਸ ਗਲਤੀ ਬਾਰੇ ਸੂਚਿਤ ਕੀਤਾ ਗਿਆ। ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਤਾਇਨਾਤ ਇੱਕ ਨਿਗਰਾਨ ਨੇ ਦੱਸਿਆ, “ਪ੍ਰਸ਼ਨ ਪੱਤਰ ਕੁੱਲ 80 ਅੰਕਾਂ ਦਾ ਹੁੰਦਾ ਹੈ, ਜਿਸ ਵਿੱਚ ਇੱਕ, ਦੋ ਜਾਂ ਤਿੰਨ ਅੰਕਾਂ ਵਾਲੇ ਛੋਟੇ ਸਵਾਲ ਅਤੇ ਪੰਜ ਅੰਕਾਂ ਵਾਲੇ ਤਿੰਨ ਸਵਾਲ ਹੁੰਦੇ ਹਨ। ਪੰਜਾਬੀ ਸੈੱਟ ਵਿੱਚੋਂ ਪੰਜ ਅੰਕਾਂ ਵਾਲੇ ਇਹ ਤਿੰਨੋਂ ਸਵਾਲ ਗਾਇਬ ਸਨ।ਇਸਦਾ ਮਤਲਬ ਹੈ ਕਿ ਵਿਦਿਆਰਥੀ 15 ਅੰਕਾਂ ਦਾ ਪੇਪਰ ਹੱਲ ਨਹੀਂ ਕਰ ਸਕੇ।”
ਬਠਿੰਡਾ ਵਿਦਿਆਰਥੀਆਂ ਨੇ ਦੱਸਿਆ ਕਿ ਅਨੁਵਾਦ ਨਾ ਹੋਣ ਕਾਰਨ ਉਹਨਾਂ ਨੂੰ ਪ੍ਰਸ਼ਨਾਂ ਨੂੰ ਸਮਝਣ ਵਿੱਚ ਵਧੇਰੇ ਸਮਾਂ ਲੱਗਾ, ਜਿਸ ਨਾਲ ਉਹ ਖੱਜਲ-ਖੁਆਰ ਹੋਏ। ਕੁਝ ਪ੍ਰੀਖਿਆ ਕੇਂਦਰਾਂ ‘ਤੇ ਨਿਗਰਾਨ ਅਧਿਕਾਰੀਆਂ ਵੱਲੋਂ ਮੌਕੇ ‘ਤੇ ਹੀ ਅੰਗਰੇਜ਼ੀ/ਹਿੰਦੀ ਵਿੱਚ ਦਿੱਤੇ ਪ੍ਰਸ਼ਨਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਨੋਟ ਕਰਵਾਇਆ ਗਿਆ।
ਇਸ ਵੱਡੀ ਗਲਤੀ ਨੇ ਵਿਦਿਆਰਥੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ, ਜਿਸ ਕਾਰਨ ਅਧਿਆਪਕਾਂ ਅਤੇ ਕੇਂਦਰ ਮੁਖੀਆਂ ਨੇ ਤੁਰੰਤ ਮਾਮਲੇ ਦੀ ਰਿਪੋਰਟ ਕੀਤੀ ਅਤੇ ਕਾਰਵਾਈ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਇਸ ਮੁੱਦੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਚੇਅਰਮੈਨ ਪੀ.ਐਸ.ਈ.ਬੀ. ਵੱਲੋਂ ਇਸ ਮਾਮਲੇ ‘ਤੇ ਮੀਟਿੰਗ ਬੁਲਾਈ ਜਾ ਰਹੀ ਹੈ ਅਤੇ ਸਾਰੇ ਕੇਂਦਰ ਮੁਖੀਆਂ ਨੂੰ ਤੁਰੰਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ਵਾਲੇ ਪ੍ਰਸ਼ਨ ਪੱਤਰਾਂ ਦੇ ਸੈੱਟਾਂ ਵਿੱਚੋਂ ਇਨ੍ਹਾਂ ਸਵਾਲਾਂ ਦਾ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਦਿੱਤਾ ਜਾਵੇ।
ਅਧਿਆਪਕ ਜਥੇਬੰਦੀਆਂ ਨੇ ਗਰੇਸ ਅੰਕ ਮੰਗੇ
ਸਕੂਲਾਂ ਦੇ ਕਈ ਅਧਿਆਪਕਾਂ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਨਿਗਰਾਨ ਅਮਲੇ ਵੱਲੋਂ ਪ੍ਰਸ਼ਨ ਲਿਖਾ ਦਿੱਤੇ ਗਏ ਸਨ ਪਰ ਬੋਰਡ ਨੂੰ ਇਸ ਭੁੱਲ ਲਈ ਗਰੇਸ ਅੰਕ ਦੇਣੇ ਚਾਹੀਦੇ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਬੋਰਡ ’ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਪ੍ਰਤੀ ਗੈਰ-ਸੰਜੀਦਾ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਅਤੇ ਸਾਬਕਾ ਆਗੂ ਸੁਰਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਪੰਜਾਬੀ ਟ੍ਰਿਬਯੂਨ