ਮੇਰੀ ਰਸੋਈ ਲਈ 950 ਕਰੋਡ਼ ਦਾ ਬਜਟ ਰੱਖੇਗੀ ਸਰਕਾਰ; ਪਹਿਲੇ ਵਰ੍ਹੇ ਹੀ ਮੁੱਕ ਗਈ ਸੀ ਕਾਂਗਰਸ ਦੀ ‘ਸਸਤੀ ਰੋਟੀ’
24 ਫਰਵਰੀ, 2026 – ਚੰਡੀਗੜ੍ਹ : ਪੰਜਾਬ ਹੁਣ ‘ਸਸਤੀ ਰੋਟੀ’ ਤੋਂ ‘ਮੇਰੀ ਰਸੋਈ’ ਤੱਕ ਪੁੱਜ ਗਿਆ ਹੈ, ਜਦੋਂ ਕਾਂਗਰਸੀ ਹਕੂਮਤ ਸੀ ਤਾਂ ਪਹਿਲੀ ਕੈਬਨਿਟ ਮੀਟਿੰਗ ’ਚ ਹੀ ‘ਸਸਤੀ ਰੋਟੀ’ ਸਕੀਮ ਨੂੰ 18 ਮਾਰਚ 2017 ਨੂੰ ਹਰੀ ਝੰਡੀ ਦਿੱਤੀ ਗਈ ਸੀ। ਅਮਰਿੰਦਰ ਸਰਕਾਰ ਨੇ ਉਸ ਵਕਤ ਲਹਿੰਦੇ ਪੰਜਾਬ ਦੀ ਸਰਕਾਰ ਦੀ ਤਰਜ਼ ’ਤੇ ‘ਸਸਤੀ ਰੋਟੀ’ ਸਕੀਮ ਲਿਆਂਦੀ ਸੀ, ਜੋ ਥੋੜ੍ਹੇ ਸਮੇਂ ਮਗਰੋਂ ਹੀ ਦਮ ਤੋੜ ਗਈ। ਕਾਂਗਰਸ ਸਰਕਾਰ ਨੇ ਪਹਿਲੇ ਵਿੱਤੀ ਵਰ੍ਹੇ ਦੌਰਾਨ ‘ਸਸਤੀ ਰੋਟੀ’ ਰੈੱਡ ਕਰਾਸ ਦਫ਼ਤਰਾਂ ਦੇ ਹਵਾਲੇ ਕਰ ਦਿੱਤੀ ਸੀ।
ਕਾਂਗਰਸ ਸਰਕਾਰ ਨੇ ਪਹਿਲੇ ਸਾਲ ’ਚ ਹੀ ਦਾਨੀਆਂ ਦਾ ਆਸਰਾ ਤੱਕਿਆ ਅਤੇ ਰੈੱਡ ਕਰਾਸ ਦਫ਼ਤਰਾਂ ਨੂੰ ਸਸਤੀ ਰੋਟੀ ਸਕੀਮ ਨੂੰ ਜਾਰੀ ਰੱਖਣ ਲਈ ਪਾਪੜ ਵੇਲਣੇ ਪਏ। ਡਿਪਟੀ ਕਮਿਸ਼ਨਰ ਸਰਕਾਰ ਨੂੰ ‘ਸਸਤੀ ਰੋਟੀ’ ਸਕੀਮ ਲਈ ਫ਼ੰਡ ਲੈਣ ਲਈ ਤਰਲੇ ਮਾਰਦੇ ਰਹੇ ਪ੍ਰੰਤੂ ਜ਼ਿਲ੍ਹਿਆਂ ਨੂੰ ਬਹੁਤੇ ਫ਼ੰਡ ਨਸੀਬ ਨਾ ਹੋਏ। ਡਿਪਟੀ ਕਮਿਸ਼ਨਰਾਂ ਨੇ ਕਾਰੋਬਾਰੀ ਲੋਕਾਂ ਦੇ ਬੂਹੇ ਖੜਕਾਏ ਅਤੇ ਕੁਝ ਸਮਾਂ ਇਹ ਸਕੀਮ ਜਾਰੀ ਰਹਿ ਸਕੀ। ਮੌਜੂਦਾ ਸਰਕਾਰ ਨੇ ‘ਮੇਰੀ ਰਸੋਈ’ ਸਕੀਮ ਨੂੰ ਅੱਜ ਪ੍ਰਵਾਨਗੀ ਦਿੱਤੀ ਹੈ ਅਤੇ ਸਕੀਮ ਲਈ 950 ਕਰੋੜ ਦਾ ਬਜਟ ਵੀ ਰੱਖਿਆ ਜਾ ਰਿਹਾ ਹੈ। ਪੰਜਾਬ ਦੇ 40 ਲੱਖ ਪਰਿਵਾਰਾਂ ਨੂੰ ‘ਮੇਰੀ ਰਸੋਈ’ ਸਕੀਮ ਤਹਿਤ ਮੁਫ਼ਤ ’ਚ ਖੰਡ, ਦਾਲ, ਨਮਕ, ਹਲਦੀ ਤੇ ਤੇਲ ਦਿੱਤਾ ਜਾਣਾ ਹੈ।
ਅਕਾਲੀ ਭਾਜਪਾ ਗੱਠਜੋੜ ਨੇ ਸਾਲ 2007 ’ਚ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ ਅਤੇ ਸਾਲ 2012 ’ਚ ਮੁੜ ਸੱਤਾ ’ਚ ਆਉਣ ਲਈ ਗੱਠਜੋੜ ਨੂੰ ਇਹ ਸਕੀਮ ਸਹਾਈ ਹੋਈ ਸੀ। ਇਹ ਵੱਖਰੀ ਗੱਲ ਹੈ ਕਿ ਇਸ ਸਕੀਮ ਨੇ ਖ਼ਰੀਦ ਏਜੰਸੀਆਂ ’ਤੇ 900 ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਚਾੜ੍ਹ ਦਿੱਤਾ ਸੀ, ਜਿਸ ਦਾ ਅੱਜ ਸਾਲਾਨਾ ਵਿਆਜ ਵੀ ਕਰੋੜਾਂ ’ਚ ਤਾਰਿਆ ਜਾ ਰਿਹਾ ਹੈ।
ਕਾਂਗਰਸ ਨੇ 2017 ’ਚ ਚੋਣਾਂ ਵੇਲੇ ਚਾਹ ਪੱਤੀ ਦੇਣ ਦੀ ਗੱਲ ਕੀਤੀ ਸੀ ਅਤੇ ਫੂਡ ਕੰਟੀਨਾਂ ਖੋਲ੍ਹਣ ਦਾ ਵਾਅਦਾ ਕੀਤਾ ਸੀ ਜਿੱਥੇ ਪੰਜ ਰੁਪਏ ਦੀ ਥਾਲੀ ਮਿਲਣੀ ਸੀ। ਪੰਜਾਬ ’ਚ ਇਸ ਵੇਲੇ 40.48 ਲੱਖ ਰਾਸ਼ਨ ਕਾਰਡ ਹਨ ਜਿਨ੍ਹਾਂ ’ਤੇ 1.52 ਕਰੋੜ ਲਾਭਪਾਤਰੀ ਦਰਜ ਹਨ। ਸਾਲ 2013 ’ਚ ਤਾਮਿਲਨਾਡੂ ’ਚ ਜੈਲਲਿਤਾ ਨੇ ‘ਅੰਮਾ ਕੰਟੀਨ’ ਦੀ ਸ਼ੁਰੂਆਤ ਕੀਤੀ ਸੀ ਅਤੇ ਉੜੀਸਾ ਨੇ ‘ਆਹਾਰ’ ਨਾਮ ਦੀ ਸਕੀਮ ਦੀ ਸ਼ੁਰੂਆਤ ਕੀਤੀ ਸੀ। ਕਰੀਬ ਇੱਕ ਸਾਲ ਪਹਿਲਾਂ 10 ਜਨਵਰੀ 2025 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ‘ਮਾਂ ਕੀ ਰਸੋਈ’ ਨਾਮ ਦੀ ਸਕੀਮ ਦਾ ਉਦਘਾਟਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੀਤਾ ਸੀ।
ਰਾਜਸਥਾਨ ’ਚ ਕਾਂਗਰਸ ਸਰਕਾਰ ਨੇ ‘ਕੋਈ ਵੀ ਨਾ ਸੌਵੇਂ ਭੁੱਖਾ’ ਦੇ ਨਾਅਰੇ ਹੇਠ ‘ਇੰਦਰਾ ਕੰਟੀਨ’ ਦੀ ਸ਼ੁਰੂਆਤ ਕੀਤੀ ਸੀ ਜਿਸ ਤਹਿਤ ਅੱਠ ਰੁਪਏ ਪ੍ਰਤੀ ਥਾਲ਼ੀ ਕੀਮਤ ਤੈਅ ਕੀਤੀ ਗਈ ਸੀ। ਜਦੋਂ ਰਾਜਸਥਾਨ ’ਚ ਭਾਜਪਾ ਸਰਕਾਰ ਬਣੀ ਤਾਂ ਇਸ ਸਕੀਮ ਦਾ ਨਾਮ ਬਦਲ ਕੇ ‘ਸ੍ਰੀ ਅੰਨਾਪੂਰਨਾ ਰਸੋਈ’ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ’ਚ ਵੀ ‘ਦੀਨ ਦਿਆਲ ਰਸੋਈ ਯੋਜਨਾ’ ਚੱਲ ਰਹੀ ਹੈ ਜੋ ਕਿ ਸਾਲ 2017 ’ਚ ਸ਼ੁਰੂ ਕੀਤੀ ਗਈ ਸੀ। ਸ਼ਹਿਰੀ ਖੇਤਰ ਦੇ ਵਰਕਰਾਂ ਨੂੰ ਪੰਜ ਰੁਪਏ ’ਚ ਥਾਲੀ ਦਿੱਤੀ ਜਾਂਦੀ ਹੈ।
ਉੜੀਸਾ ’ਚ ਦਸੰਬਰ 2024 ’ਚ ਡਰਾਈਵਰਾਂ ਨੂੰ ਸਰਕਾਰ ਨੇ ਮੁਫ਼ਤ ’ਚ ਚਾਹ ਪਿਲਾਉਣ ਦੀ ਯੋਜਨਾ ਸ਼ੁਰੂ ਕੀਤੀ ਸੀ ਜਿਸ ਤਹਿਤ ਕੌਮੀ ਸੜਕ ਮਾਰਗਾਂ ’ਤੇ ਪੈਂਦੇ ਢਾਬਿਆਂ ’ਤੇ ਲੰਮੇ ਸਫ਼ਰ ’ਤੇ ਚੱਲਣ ਵਾਲੇ ਡਰਾਈਵਰਾਂ ਨੂੰ ਮੁਫ਼ਤ ਚਾਹ ਪਿਲਾਈ ਜਾਂਦੀ ਸੀ। ਤ੍ਰਿਪੁਰਾ ਦੇ ਅਗਰਤਲਾ ਕਾਰਪੋਰੇਸ਼ਨ ਦੇ ਖੇਤਰ ’ਚ ਟੀ ਸਟਾਲ ਵਾਲਿਆਂ ਨੂੰ ਮੁਫ਼ਤ ’ਚ ਸਰਕਾਰ ਨੇ ਕੱਪ ਵੰਡੇ ਸਨ। ਪੰਜਾਬ ’ਚ ਪਹਿਲੀ ਵਾਰ ‘ਮੇਰੀ ਰਸੋਈ’ ਸਕੀਮ ਤਹਿਤ ਮੁਫ਼ਤ ’ਚ ਰਾਸ਼ਨ ਦੇਣ ਦੀ ਯੋਜਨਾ ਆਈ ਹੈ, ਜੋ ‘ਆਪ’ ਸਰਕਾਰ ਦਾ ਨਵਾਂ ਤਜਰਬਾ ਹੈ।
‘ਮੇਰੀ ਰਸੋਈ’ ਸਕੀਮ ਨੂੰ ਪ੍ਰਵਾਨਗੀ
‘ਆਪ’ ਸਰਕਾਰ ਨੇ ‘ਮੇਰੀ ਰਸੋਈ’ ਸਕੀਮ ਨੂੰ ਅੱਜ ਪ੍ਰਵਾਨਗੀ ਦਿੱਤੀ ਹੈ ਅਤੇ ਸਕੀਮ ਲਈ 950 ਕਰੋੜ ਦਾ ਬਜਟ ਵੀ ਰੱਖਿਆ ਜਾ ਰਿਹਾ ਹੈ। ਪੰਜਾਬ ਦੇ 40 ਲੱਖ ਪਰਿਵਾਰਾਂ ਨੂੰ ‘ਮੇਰੀ ਰਸੋਈ’ ਸਕੀਮ ਤਹਿਤ ਮੁਫ਼ਤ ’ਚ ਖੰਡ, ਦਾਲ, ਨਮਕ, ਹਲਦੀ ਤੇ ਤੇਲ ਦਿੱਤਾ ਜਾਣਾ ਹੈ।
ਪੰਜਾਬੀ ਟ੍ਰਿਬਯੂਨ