Australia Protest | Thomas Sewell
ਆਸਟ੍ਰੇਲੀਆ ਵਿੱਚ ਕੋਰਟ ਦੇ ਬਾਹਰ ਉੱਠੇ ਨਾਰੇ ਹੁਣ ਸਿਰਫ਼ ਇਕ ਪ੍ਰਦਰਸ਼ਨ ਨਹੀਂ ਰਹੇ। ਪੰਜਾਬੀ ਭਾਈਚਾਰੇ ਨੂੰ ਦਿੱਤੀਆਂ ਧਮਕੀਆਂ ਨੇ ਮਾਹੌਲ ਗੰਭੀਰ ਕਰ ਦਿੱਤਾ ਹੈ। ਪਰ ਕੀ ਸਰਕਾਰ ਇਸ ਨਫ਼ਰਤ ਨੂੰ ਰੋਕ ਸਕੇਗੀ?
24 ਫਰਵਰੀ, 2026 – ਨਿਊਜ਼ੀਲੈਂਡ ਤੋਂ ਬਾਅਦ ਹੁਣ ਆਸਟ੍ਰੇਲੀਆ ਵਿੱਚ ਭਾਰਤੀਆਂ ਖ਼ਿਲਾਫ਼ ਵਿਰੋਧ ਦੇ ਸੁਰ ਉੱਭਰਦੇ ਨਜ਼ਰ ਆ ਰਹੇ ਹਨ। ਇਕ ਪਾਸੇ ਜਿੱਥੇ ਭਾਰਤੀ ਭਾਈਚਾਰਾ ਮਿਹਨਤ ਅਤੇ ਯੋਗਦਾਨ ਰਾਹੀਂ ਆਸਟ੍ਰੇਲੀਆਈ ਸਮਾਜ ਦਾ ਅਟੂਟ ਹਿੱਸਾ ਬਣਦਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਕੁਝ ਕੱਟੜਪੰਥੀ ਗਠਜੋੜਾਂ ਵੱਲੋਂ ਨਫ਼ਰਤ ਭਰੀ ਭਾਸ਼ਾ ਨਾਲ ਮਾਹੌਲ ਨੂੰ ਤਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜ਼ਾ ਘਟਨਾ ਵਿੱਚ ਕੱਟੜਪੰਥੀ ਆਗੂ ਥਾਮਸ ਸੇਵੇਲ ਦੀ ਅਗਵਾਈ ਹੇਠ ਕੋਰਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਭਾਰਤੀਆਂ ਨੂੰ ਪੱਕੀ ਰਿਹਾਇਸ਼ (PR) ਦੇਣ ਦਾ ਵਿਰੋਧ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕੀਤਾ ਜਾਵੇ। ਮਾਹੌਲ ਉਸ ਵੇਲੇ ਹੋਰ ਗਰਮ ਹੋ ਗਿਆ ਜਦੋਂ ਸੇਵੇਲ ਨੇ ਭੜਕਾਉਂਦੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਸਟ੍ਰੇਲੀਆ ਨੂੰ “ਥਰਡ ਵਰਲਡ” ਨਹੀਂ ਬਣਨ ਦੇਵੇਗਾ।
ਸੇਵੇਲ ਨੇ ਕਿਹਾ ਕਿ ਆਸਟ੍ਰੇਲੀਆ “ਸਿਰਫ਼ ਗੋਰਿਆਂ ਦਾ ਦੇਸ਼” ਹੈ ਅਤੇ ਭਾਰਤੀਆਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ। ਉਸ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਭਾਰਤ ਜਾਂ ਸੁਡਾਨ ਵਰਗਾ ਨਹੀਂ ਬਣਨ ਦਿੱਤਾ ਜਾਵੇਗਾ। ਇਹ ਬਿਆਨ ਨਾ ਸਿਰਫ਼ ਭਾਰਤੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣੇ, ਸਗੋਂ ਮਨੁੱਖੀ ਅਧਿਕਾਰਾਂ ਅਤੇ ਬਹੁ-ਸੰਸਕ੍ਰਿਤਿਕ ਮੁੱਲਾਂ ‘ਤੇ ਵੀ ਸਵਾਲ ਖੜ੍ਹੇ ਕਰ ਗਏ।
ਪੰਜਾਬ ਨਿਊਜ਼ 18