ਟਾਵਰ ਮੋਰਚੇ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਆਵਾਜਾਈ ਠੱਪ
25 ਫਰਵਰੀ, 2026 – ਸਮਾਣਾ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਲਈ 16 ਮਹੀਨਿਆਂ ਤੋਂ BSNL ਟਾਵਰ ’ਤੇ ਮੋਰਚਾ ਲਾਈ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਮੰਗ ’ਤੇ ਕੋਈ ਫ਼ੈਸਲਾ ਨਾ ਹੋਣ ਖ਼ਿਲਾਫ਼ ਮੋਰਚੇ ਦੀ ਸਿੱਖ ਸੰਗਤ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਦਰਸ਼ਨ ਕੀਤਾ। ਪੁਲੀਸ ਨੇ ਧਰਨਾਕਾਰੀਆਂ ਨੂੰ ਰੋਕਣ ਲਈ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਟਾਵਰ ਮੋਰਚਾ ਪਾਰਕ ਵਿੱਚ ਪਹੁੰਚ ਰਹੀ ਸੰਗਤ ਨੂੰ ਸੜਕਾਂ ’ਤੇ ਮਿੱਟੀ ਨਾਲ ਭਰੇ ਟਿੱਪਰ ਲਗਾ ਕੇ ਰੋਕਣ ਬਾਰੇ ਪਤਾ ਲੱਗਿਆ ਤਾਂ ਸਿੱਖ ਜਥੇਬੰਦੀਆਂ ’ਚ ਰੋਹ ਵੱਧ ਗਿਆ ਤੇ ਉਨ੍ਹਾਂ ਨੇ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ।
ਸਿੱਖ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਬਾਬਾ ਬੰਦਾ ਸਿੰਘ ਬਹਾਦਰ ਚੌਕ ਵੱਲ ਕੂਚ ਕਰਨ ਲੱਗੇ ਤਾਂ ਸਮਾਣਾ ਪੁਲੀਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਕਈ ਕਿਸਾਨਾਂ ਅਤੇ ਪੁਲੀਸ ਮੁਲਾਜ਼ਮਾਂ ਨੂੰ ਸੱਟਾਂ ਵੀ ਲੱਗੀਆ। ਕਿਸਾਨ ਆਗੂ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਪਹੁੰਚ ਗਏ ਤੇ ਉਨ੍ਹਾਂ ਪਟਿਆਲਾ-ਹਿਸਾਰ ਰੋਡ, ਸਮਾਣਾ-ਸੰਗਰੂਰ ਰੋਡ, ਸਮਾਣਾ-ਭਵਾਨੀਗੜ੍ਹ ਰੋਡ ’ਤੇ ਆਵਾਜਾਈ ਠੱਪ ਕਰ ਦਿੱਤੀ। ਚਾਰੋਂ ਪਾਸੇ ਸੜਕ ’ਤੇ ਕਈ ਕਿਲੋਮੀਟਰ ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਆਗੂ ਤਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮੰਗਾਂ ਸਮਾਣਾ ਪੁਲੀਸ ਨੂੰ ਦੱਸ ਦਿੱਤੀਆਂ ਹਨ ਅਤੇ ਉੱਚ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਕਰੇਗਾ। ਸਰਕਾਰ ਵੱਲੋਂ ਕੋਈ ਸੁਨੇਹਾ ਆਉਣ ਤੋਂ ਬਾਅਦ ਹੀ ਅਗਲੀ ਰਣਨੀਤੀ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਜਲਦੀ ਰਿਹਾਅ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਤੱਕ ਸਰਕਾਰ ਵੱਲੋਂ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਭਾਨਾ ਸਿੱਧੂ ਸਣੇ 50 ਆਗੂ ਗ੍ਰਿਫ਼ਤਾਰ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਸਮਾਣਾ ਵਿੱਚ ਮੋਰਚੇ ਵਿੱਚ ਜਾਣ ਵੇਲੇ ਭਵਾਨੀਗੜ੍ਹ-ਸਮਾਣਾ ਮੁੱਖ ਮਾਰਗ ’ਤੇ ਪਿੰਡ ਥੰਮਣ ਸਿੰਘ ਵਾਲਾ ਕੋਲ ਪੁਲੀਸ ਨੇ ਭਾਨਾ ਸਿੱਧੂ ਸਣੇ 50 ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਥਾਣਿਆਂ ’ਚ ਭੇਜ ਦਿੱਤਾ। ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਤੋਂ ਕਿਸੇ ਵੀ ਆਗੂ ਨੂੰ ਸਮਾਣਾ ਨਹੀਂ ਜਾਣ ਦਿੱਤਾ ਜਾਵੇਗਾ। ਗ੍ਰਿਫ਼ਤਾਰ ਆਗੂਆਂ ਵਿੱਚ ਭਾਨਾ ਸਿੱਧੂ, ਮਾਨ ਦਲ ਦੇ ਆਗੂ ਹਰਚਰਨ ਸਿੰਘ ਭਸੌੜ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨਾਭਾ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ, ਭੋਲਾ ਸਿੰਘ ਠੀਕਰੀਵਾਲਾ ਤੇ ਕਾਕਾ ਸਿੰਘ ਸਿੱਧੂ ਸ਼ਾਮਲ ਹਨ।
ਪੰਜਾਬੀ ਟ੍ਰਿਬਯੂਨ