ਇਜ਼ਰਾਇਲੀ ਸੰਸਦ ‘ਨੈਸਟ’ ਨੂੰ ਸੰਬੋਧਨ ਕੀਤਾ; ਹਮਾਸ ਦਹਿਸ਼ਤੀ ਹਮਲੇ ’ਚ ਮਾਰੇ ਗਏ ਲੋਕਾਂ ਨਾਲ ਹਮਦਰਦੀ ਜਤਾਈ
26 ਫਰਵਰੀ, 2026 – ਯੇਰੂਸ਼ਲਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਨਾਲ ਭਾਰਤ ਦੇ ਨੇੜਲੇ ਸਬੰਧਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਨਮ ਉਸੇ ਦਿਨ ਹੋਇਆ ਸੀ, ਜਦੋਂ ਭਾਰਤ ਨੇ ਇਜ਼ਰਾਈਲ ਨੂੰ ਰਸਮੀ ਮਾਨਤਾ ਦਿੱਤੀ ਸੀ। ਉਹ ਉਸ ਧਰਤੀ ’ਤੇ ਵਾਪਸ ਆ ਕੇ ਬਹੁਤ ਖੁਸ਼ ਹਨ ਜਿਸ ਵੱਲ ਉਹ ਹਮੇਸ਼ਾ ਖਿੱਚੇ ਜਾਂਦੇ ਹਨ।
ਇਜ਼ਰਾਇਲੀ ਸੰਸਦ ‘ਨੈਸਟ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੇ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਇਜ਼ਰਾਇਲੀ ਲੋਕਾਂ ਨਾਲ ਡੂੰਘੀ ਸੰਵੇਦਨਾ ਜਤਾਈ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਟਾਕਰੇ ਲਈ ਮਜ਼ਬੂਤ ਤੇ ਤਾਲਮੇਲ ਵਾਲੀ ਆਲਮੀ ਕਾਰਵਾਈ ਦੀ ਲੋੜ ਹੈ, ਕਿਉਂਕਿ ਅਤਿਵਾਦ ਹਰੇਕ ਥਾਂ ਅਮਨ-ਸ਼ਾਂਤੀ ਲਈ ਵੱਡੀ ਵੰਗਾਰ ਹੈ। ਉਨ੍ਹਾਂ ਨੂੰ ਦੋਵਾਂ ਮੁਲਕਾਂ ਦਰਮਿਆਨ ਰਣਨੀਤਕ ਰਿਸ਼ਤਿਆਂ ਦੀ ਮਜ਼ਬੂਤੀ ਲਈ ‘ਸਪੀਕਰ ਆਫ਼ ਦਿ ਨੈਸਟ ਮੈਡਲ’ ਨਾਲ ਨਿਵਾਜਿਆ ਗਿਆ।
ਸ੍ਰੀ ਮੋਦੀ ਨੇ ਕਿਹਾ, ‘‘ਇਸ ਸ਼ਾਨਦਾਰ ਸਦਨ ਵਿੱਚ ਖੜ੍ਹੇ ਹੋਣਾ ਮੇਰੇ ਲਈ ਮਾਣ ਅਤੇ ਗੌਰਵ ਦੀ ਗੱਲ ਹੈ। ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਅਤੇ ਇੱਕ ਪ੍ਰਾਚੀਨ ਸਭਿਅਤਾ ਦਾ ਪ੍ਰਤੀਨਿਧੀ ਹੋਣ ਦੇ ਨਾਤੇ ਦੂਜੀ ਨੂੰ ਸੰਬੋਧਨ ਕਰ ਰਿਹਾ ਹਾਂ। ਮੈਂ ਆਪਣੇ ਨਾਲ 1.4 ਅਰਬ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਅਤੇ ਦੋਸਤੀ, ਸਤਿਕਾਰ ਅਤੇ ਭਾਈਵਾਲੀ ਦਾ ਸੁਨੇਹਾ ਲੈ ਕੇ ਆਇਆ ਹਾਂ। ਨੌਂ ਸਾਲ ਪਹਿਲਾਂ, ਮੈਨੂੰ ਇਜ਼ਰਾਈਲ ਦਾ ਦੌਰਾ ਕਰਨ ਵਾਲਾ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ, ਤੇ ਮੈਂ ਇਥੇ ਵਾਪਸ ਆ ਕੇ ਬਹੁਤ ਖੁਸ਼ ਹਾਂ। ਅਜਿਹੀ ਧਰਤੀ ’ਤੇ ਵਾਪਸ ਆਇਆ ਹਾਂ ਜਿੱਥੇ ਮੈਂ ਹਮੇਸ਼ਾ ਖਿੱਚ ਮਹਿਸੂਸ ਕੀਤੀ ਹੈ। ਮੈਂ ਉਸੇ ਦਿਨ 17 ਸਤੰਬਰ 1950 ਨੂੰ ਪੈਦਾ ਹੋਇਆ ਸੀ ਜਦੋਂ ਭਾਰਤ ਨੇ ਇਜ਼ਰਾਈਲ ਨੂੰ ਰਸਮੀ ਤੌਰ ’ਤੇ ਮਾਨਤਾ ਦਿੱਤੀ ਸੀ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਕਾਰਨ ਆਮ ਲੋਕਾਂ ਦੇ ਕਤਲ ਨੂੰ ਜਾਇਜ਼ ਨਹੀਂ ਠਹਿਰਾ ਸਕਦਾ ਅਤੇ ਕੁਝ ਵੀ ਅਤਿਵਾਦ ਨੂੰ ਵਾਜਬ ਨਹੀਂ ਠਹਿਰਾ ਸਕਦਾ। ਭਾਰਤ ਨੇ ਵੀ ਲੰਮਾ ਸਮਾਂ ਅਤਿਵਾਦ ਦੀ ਪੀੜ ਹੰਢਾਈ ਹੈ। ਉਨ੍ਹਾਂ ਕਿਹਾ, ‘‘ਸਾਨੂੰ 26/11 ਮੁੰਬਈ ਹਮਲੇ ਯਾਦ ਹਨ, ਜਿੱਥੇ ਇਜ਼ਰਾਇਲੀ ਨਾਗਰਿਕਾਂ ਸਣੇ ਬੇਕਸੂਰ ਲੋਕਾਂ ਦੀ ਜਾਨ ਗਈ। ਤੁਹਾਡੇ ਵਾਂਗ ਸਾਨੂੰ ਵੀ ਅਤਿਵਾਦ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਤੇ ਸਾਡੇ ਵੀ ਕੋਈ ਦੋਹਰੇ ਮਾਪਦੰਡ ਨਹੀਂ ਹਨ।’’ ਉਧਰ, ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸਦਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਤੇ ਮੋਦੀ ਨੂੰ ਇਜ਼ਰਾਈਲ ਦਾ ਵੱਡਾ ਦੋਸਤ, ਭਾਰਤ-ਇਜ਼ਰਾਈਲ ਗੱਠਜੋੜ ਦਾ ਵੱਡਾ ਚੈਂਪੀਅਨ ਤੇ ਆਲਮੀ ਮੰਚ ’ਤੇ ਵੱਡਾ ਆਗੂ ਦੱਸਿਆ।
ਇਸ ਤੋਂ ਪਹਿਲਾਂ ਦੋ ਰੋਜ਼ਾ ਫੇਰੀ ਲਈ ਇਜ਼ਰਾਈਲ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇ ਗਰਮਜ਼ੋਸੀ ਨਾਲ ਸਵਾਗਤ ਕੀਤਾ। ਉਨ੍ਹਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਘੁੱਟ ਕੇ ਜੱਫੀ ਪਾਈ ਅਤੇ ਹੱਥ ਵੀ ਮਿਲਾਇਆ। ਮੋਦੀ ਲਈ ਵਿਸ਼ੇਸ਼ ਤੌਰ ’ਤੇ ਲਾਲ ਕਾਲੀਨ ਵਿਛਾਇਆ ਗਿਆ। ਸ੍ਰੀ ਮੋਦੀ ਦੀ ਪਿਛਲੇ ਨੌਂ ਸਾਲਾਂ ਵਿੱਚ ਇਜ਼ਰਾਈਲ ਦੀ ਦੂਜੀ ਫੇਰੀ ਹੈ। ਉਹ ਜੁਲਾਈ 2017 ਵਿੱਚ ਪਹਿਲੀ ਵਾਰ ਇਜ਼ਰਾਈਲ ਆਏ ਸਨ। ਮੱਧ ਪੂਰਬ ਵਿੱਚ ਜਾਰੀ ਤਣਾਅ ਅਤੇ ਅਮਰੀਕਾ-ਇਰਾਨ ਰਿਸ਼ਤਿਆਂ ’ਚ ਵਧਦੀ ਤਲਖੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਫੇਰੀ ਅਹਿਮ ਹੈ। ਸ੍ਰੀ ਮੋਦੀ ਹਵਾਈ ਅੱਡੇ ਤੋਂ ਯੇਰੂਸ਼ਲਮ ਦੇ ਹੋਟਲ ਕਿੰਗ ਡੇਵਿਡ ਪੁੱਜੇ। ਹੋਟਲ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਯਹੂਦੀ, ਵਿਦਿਆਰਥੀ, ਪੇਸ਼ੇਵਰ ਤੇ ਵਰਕਰ ਸ਼ਾਮਲ ਸਨ, ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਭਾਰਤੀ ਤੇ ਇਜ਼ਰਾਇਲੀ ਕਲਾਕਾਰਾਂ ਨੇ ਕੇਰਲਾ ਦਾ ਰਵਾਇਤੀ ਨ੍ਰਿਤ, ਇਜ਼ਰਾਇਲੀ ਲੋਕ ਨਾਚ ਤੇ ਰਾਜਸਥਾਨ ਦੇ ਘੂਮਰ ਸਣੇ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।
ਮੋਦੀ ਚੁੱਪਚਾਪ ਇਜ਼ਰਾਈਲ ਖਿਸਕੇ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ 24 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨੂੰ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਨੂੰ ਰੱਦ ਕਰਨ ਦੀ ਚੁਣੌਤੀ ਦਿੱਤੀ ਸੀ, ਪਰ ਮੋਦੀ ‘ਚੁੱਪਚਾਪ ਇਜ਼ਰਾਈਲ ਖਿਸਕ ਗਏ’। ਉਨ੍ਹਾਂ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਨਰੇਂਦਰ ‘ਸਰੰਡਰ’ ਮੋਦੀ, 24 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਹੈ ਜਦੋਂ ਮੈਂ ਤੁਹਾਨੂੰ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕਰਨ ਦੀ ਚੁਣੌਤੀ ਦਿੱਤੀ ਸੀ। ਇਕ ਵਾਰ ਫਿਰ ਤੁਸੀਂ ਚੁੱਪ ਚਪੀਤੇ ਇਜ਼ਰਾਈਲ ਖਿਸਕ ਗਏ। ਇਕ ਵਾਰ ਤਾਂ ਤੁਸੀਂ ਐਪਸਟੀਨ ਦੇ ਕਹਿਣ ’ਤੇ ਇਜ਼ਰਾਈਲ ਵਿੱਚ ਨੱਚ ਟੱਪ ਚੁੱਕੇ ਹੋ… ਐਤਕੀਂ ਉਥੇ ਕਿਸ ਦੇ ਕਹਿਣ ’ਤੇ ਦੇਸ਼ ਹਿੱਤਾਂ ਖਿਲਾਫ਼ ਸਮਝੌਤਾ ਕਰ ਕੇ ਆਉਗੇ?’’ ਉਧਰ, ਖੱਬੀਆਂ ਪਾਰਟੀਆਂ ਨੇ ਪ੍ਰਧਾਨ ਮੰਤਰੀ ਦੀ ਇਜ਼ਰਾਈਲ ਫੇਰੀ ਦਾ ਵਿਰੋਧ ਕੀਤਾ ਹੈ। ਸੀ ਪੀ ਆਈ (ਐੱਮ) ਦੀ ਪੋਲਿਟ ਬਿਊਰੋ ਨੇ ਬਿਆਨ ਵਿਚ ਦਾਅਵਾ ਕੀਤਾ ਕਿ ਇਹ ਦੌਰਾ ਅਜਿਹੇ ਮੌਕੇ ਕੀਤਾ ਜਾ ਰਿਹਾ ਹੈ ਜਦੋਂ ਇਜ਼ਰਾਈਲ ਨੇ ‘ਗਾਜ਼ਾ ਵਿੱਚ ਨਸਲਕੁਸ਼ੀ ਦੀ ਜੰਗ ਛੇੜੀ ਹੋਈ ਹੈ’ ਤੇ ਇਹ ਫਲਸਤੀਨੀ ਲੋਕਾਂ ਨਾਲ ਵਿਸ਼ਵਾਸਘਾਤ ਦੇ ਬਰਾਬਰ ਹੈ।
ਪੰਜਾਬੀ ਟ੍ਰਿਬਯੂਨ