ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦਫ਼ਤਰ ਦੇ 36 ਕਰਮਚਾਰੀ ਖਸਤਾਹਾਲ ਇਮਾਰਤ ’ਚ ਕਰ ਰਹੇ ਕੰਮ ਅੰਦਰ ਕੰਮ ਕਰ ਰਹੇ
26 ਫਰਵਰੀ, 2026 – ਜਲੰਧਰ : ਇੱਥੋਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੇ ਦਫ਼ਤਰ ਦੀ ਦੋ-ਮੰਜ਼ਿਲਾ ਇਮਾਰਤ ਦੀ ਹਾਲਤ ਬੇਹੱਦ ਖਸਤਾ ਹੋਣ ਦੇ ਬਾਵਜੂਦ ਕਰਮਚਾਰੀ ਇਸ ਅਸੁਰੱਖਿਅਤ ਇਮਾਰਤ ਦੇ ਅੰਦਰ ਕੰਮ ਕਰਨ ਲਈ ਮਜਬੂਰ ਹਨ ਅਤੇ ਇਸ ਨੂੰ ਕਿਤੇ ਹੋਰ ਤਬਦੀਲ ਕਰਨ ਦੀ ਕੋਈ ਸਪੱਸ਼ਟ ਯੋਜਨਾ ਨਜ਼ਰ ਨਹੀਂ ਆ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਵਿੱਚ 36 ਕਰਮਚਾਰੀ ਇਸ ਖਸਤਾਹਾਲ ਇਮਾਰਤ ਦੇ ਅੰਦਰ ਕੰਮ ਕਰ ਰਹੇ ਹਨ, ਜਿਸ ਨਾਲ ਸਟਾਫ ਮੈਂਬਰਾਂ ਅਤੇ ਰੋਜ਼ਾਨਾ ਸਰਕਾਰੀ ਕੰਮ ਲਈ ਦਫ਼ਤਰ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਥਿਤੀ ਗੰਭੀਰ ਬਣੀ ਹੋਈ ਹੈ। ਆਦਰਸ਼ ਨਗਰ ਵਿੱਚ ਮਿਸ਼ਨ ਕੰਪਾਊਂਡ ਦੇ ਨੇੜੇ ਸਥਿਤ ਡੀ ਈ ਓ ਦਫ਼ਤਰ ਦੀਆਂ ਕਈ ਕੰਧਾਂ ਵਿੱਚ ਤਰੇੜਾਂ ਸਾਫ਼ ਦਿਖਾਈ ਦਿੰਦੀਆਂ ਹਨ ਅਤੇ ਕਈ ਥਾਵਾਂ ਤੋਂ ਪਲਸਤਰ ਡਿੱਗ ਚੁੱਕਾ ਹੈ, ਜਿਸ ਨਾਲ ਢਾਂਚਾ ਦਿਖਣ ਲੱਗਿਆ ਹੈ।
ਇੱਥੇ ਕੰਮ ਕਰਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਰੋਜ਼ ਨੁਕਸਾਨੀਆਂ ਛੱਤਾਂ ਅਤੇ ਤਰੇੜਾਂ ਵਾਲੀਆਂ ਕੰਧਾਂ ਦੇ ਹੇਠਾਂ ਬੈਠਣਾ ਪੈਂਦਾ ਹੈ ਅਤੇ ਦਿਨੋਂ-ਦਿਨ ਹਾਲਤ ਵਿਗੜਦੀ ਜਾ ਰਹੀ ਹੈ। ਗੰਭੀਰ ਸਥਿਤੀ ’ਤੇ ਚਾਨਣਾ ਪਾਉਂਦੇ ਹੋਏ ਕਰਮਚਾਰੀਆਂ ਨੇ ਕਿਹਾ ਕਿ ਇਸ ਸਾਲ ਸਤੰਬਰ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਇਮਾਰਤ ਦੇ ਅੰਦਰ ਰੱਖੇ ਕਈ ਸਰਕਾਰੀ ਰਿਕਾਰਡ ਨਸ਼ਟ ਹੋ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸਥਿਤੀ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ ਕਿਉਂਕਿ ਪਾਣੀ ਅੰਦਰ ਆ ਜਾਂਦਾ ਹੈ ਅਤੇ ਇਮਾਰਤ ਦੇ ਕੁਝ ਹਿੱਸੇ ਜਲ-ਥਲ ਹੋ ਜਾਂਦੇ ਹਨ, ਜਿਸ ਨਾਲ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਖ਼ਤਰਾ ਪੈਦਾ ਹੋ ਜਾਂਦਾ ਹੈ।
ਇਸ ਦੇ ਬਾਵਜੂਦ ਦਫ਼ਤਰ ਨੂੰ ਕਿਸੇ ਸੁਰੱਖਿਅਤ ਥਾਂ ’ਤੇ ਤਬਦੀਲ ਕਰਨ ਬਾਰੇ ਕੋਈ ਸਰਕਾਰੀ ਐਲਾਨ ਨਹੀਂ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਕੁਝ ਹਿੱਸਿਆਂ ਦੀ ਹਾਲ ਹੀ ਵਿੱਚ ਸੁੰਦਰੀਕਰਨ ਅਤੇ ਮਾਮੂਲੀ ਮੁਰੰਮਤ ਕੀਤੀ ਗਈ ਹੈ, ਉੱਥੇ ਹੀ ਮੁੱਖ ਇਮਾਰਤ ਜਿੱਥੇ ਡੀ ਈ ਓ ਦਫ਼ਤਰ ਦਾ ਸਟਾਫ ਬੈਠਦਾ ਹੈ, ਵੱਲ ਅਜਿਹਾ ਕੋਈ ਧਿਆਨ ਨਹੀਂ ਦਿੱਤਾ ਗਿਆ।
ਕਰਮਚਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਹਾਲਤ ਬਾਰੇ ਕਈ ਵਾਰ ਚਰਚਾ ਹੋਈ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਿੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਲੋੜ ਅਨੁਸਾਰ ਮਾਮੂਲੀ ਮੁਰੰਮਤ ਦੇ ਕੰਮ ਕਰਵਾਏ ਹਨ, ਪਰ ਜਦੋਂ ਤੋਂ ਉਨ੍ਹਾਂ ਨੇ ਦੋ ਸਾਲ ਪਹਿਲਾਂ ਅਹੁਦਾ ਸੰਭਾਲਿਆ ਹੈ, ਦਫ਼ਤਰ ਨੂੰ ਤਬਦੀਲ ਕਰਨ ਦੀ ਕਿਸੇ ਯੋਜਨਾ ‘ਤੇ ਚਰਚਾ ਨਹੀਂ ਹੋਈ। ਸਰਕਾਰੀ ਰਿਕਾਰਡ ਦੇ ਨੁਕਸਾਨ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਟਾਫ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਪੰਜਾਬੀ ਟ੍ਰਿਬਯੂਨ