ਐੱਫ ਆਈ ਐੱਚ ਪ੍ਰੋ ਲੀਗ ’ਚ ਪਹਿਲੀ ਜਿੱਤ ਦਰਜ
26 ਫਰਵਰੀ, 2026 – ਹੋਬਾਰਟ : ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਲੰਮੇ ਸਮੇਂ ਤੋਂ ਚਲੇ ਆ ਰਹੇ ਹਾਰਾਂ ਦੇ ਸਿਲਸਿਲੇ ਨੂੰ ਖ਼ਤਮ ਕਰਦਿਆਂ ਸੰਸਾਰ ਦੀ ਨੰਬਰ 3 ਟੀਮ ਆਸਟਰੇਲੀਆ ਨੂੰ ਸ਼ੂਟ-ਆਊਟ ਵਿੱਚ 3-1 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਮਿਥੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ। ਹੋਬਾਰਟ ਲੈੱਗ ਦੇ ਆਪਣੇ ਇਸ ਆਖ਼ਰੀ ਮੈਚ ਵਿੱਚ ਮਿਲੀ ਜਿੱਤ ਭਾਰਤੀ ਖਿਡਾਰੀਆਂ ਦਾ ਹੌਸਲਾ ਵਧਾਉਣ ਵਾਲੀ ਸਾਬਿਤ ਹੋਵੇਗੀ।
ਪਹਿਲੇ ਤਿੰਨ ਕੁਆਰਟਰਾਂ ਵਿੱਚ ਦੋਵੇਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ, ਪਰ ਕੋਈ ਵੀ ਟੀਮ ਗੋਲ ਕਰਨ ਵਿੱਚ ਸਫਲ ਨਹੀਂ ਹੋ ਸਕੀ। ਮੈਚ ਦੇ 49ਵੇਂ ਮਿੰਟ ਵਿੱਚ ਆਸਟਰੇਲੀਆ ਦੇ ਜੈਰੇਮੀ ਹੇਅਵਰਡ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 1-0 ਦੀ ਲੀਡ ਦਿਵਾਈ। ਆਸਟਰੇਲੀਆ ਦੀ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕੀ, ਸਿਰਫ਼ ਦੋ ਮਿੰਟ ਬਾਅਦ (51ਵੇਂ ਮਿੰਟ ਵਿੱਚ) ਭਾਰਤ ਦੇ ਸ਼ਿਲਾਨੰਦ ਲਾਕੜਾ ਨੇ ਸ਼ਾਨਦਾਰ ਗੋਲ ਕਰ ਕੇ ਸਕੋਰ 1-1 ਦੀ ਬਰਾਬਰੀ ’ਤੇ ਪਹੁੰਚਾ ਦਿੱਤਾ। ਤੈਅ ਸਮੇਂ ਤੱਕ ਕੋਈ ਹੋਰ ਗੋਲ ਨਾ ਹੋਣ ਕਾਰਨ ਮੈਚ ਸ਼ੂਟ-ਆਊਟ ਵਿੱਚ ਚਲਾ ਗਿਆ, ਜਿੱਥੇ ਭਾਰਤ ਨੇ 3-1 ਨਾਲ ਜਿੱਤ ਦਰਜ ਕੀਤੀ। ਸ਼ੂਟ-ਆਊਟ ਵਿੱਚ ਸ਼ਿਲਾਨੰਦ ਲਾਕੜਾ, ਮਨਿੰਦਰ ਸਿੰਘ ਤੇ ਵਿਸ਼ਨੂਕਾਂਤ ਸਿੰਘ ਨੇ ਗੋਲ ਕੀਤੇ। ਆਸਟਰੇਲੀਆ ਵੱਲੋਂ ਸਿਰਫ਼ ਹੇਅਵਰਡ ਹੀ ਗੋਲ ਕਰ ਸਕਿਆ।
ਪੰਜਾਬੀ ਟ੍ਰਿਬਯੂਨ