ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਨੂੰ ਪਾਣੀ ਦੇਣ ਦੀ ਅਪੀਲ
12 ਮਾਰਚ, 2026 – ਮਾਨਸਾ : ਮਾਲਵਾ ਖੇਤਰ ਵਿੱਚ ਗਰਮੀ ਪੈਣ ਕਾਰਨ ਅੰਨਦਾਤਾ ਘਬਰਾ ਗਿਆ ਹੈ। ਇਸ ਕਾਰਨ ਪਿੰਡਾਂ ਵਿੱਚ ਕਿਸਾਨ ਫਸਲਾਂ ਨੂੰ ਪਾਣੀ ਲਗਾਉਣ ਲੱਗ ਪਏ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੌਸਮ ਵਿੱਚ ਵੱਡੀ ਤਬਦੀਲੀ ਹੋਣ ਕਾਰਨ ਹੁਣ ਕਿਸਾਨਾਂ ਨੂੰ ਲਗਾਤਾਰ ਕਣਕ ਸਣੇ ਹੋਰਨਾਂ ਫ਼ਸਲਾਂ ਨੂੰ ਪਾਣੀ ਲਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਭੈਣੀਬਾਘਾ, ਲੱਲੂਆਣਾ, ਤਾਮਕੋਟ, ਘਰਾਂਗਣਾ, ਕੋਟਲੀ, ਖੋਖਰ ਖੁਰਦ, ਠੂਠਿਆਂਵਾਲੀ, ਕੋਟਧਰਮੂ, ਭੰਮੇ ਖੁਰਦ, ਅੱਕਾਂਵਾਲੀ, ਨੰਗਲ ਕਲਾਂ, ਜਵਾਹਰਕੇ, ਮੂਸਾ, ਰਮਦਿੱਤੇਵਾਲਾ, ਮਾਖਾ, ਗੇਹਲੇ ਅਤੇ ਫਫੜੇ ਭਾਈਕੇ ਵਿੱਚ ਕਿਸਾਨ ਪਿਛਲੇ ਹਫ਼ਤੇ ਤੋਂ ਫ਼ਸਲਾਂ ਨੂੰ ਪਾਣੀ ਲਾ ਕੇ ਗਰਮੀ ਤੋਂ ਬਚਾਉਣ ਲਈ ਉਪਰਾਲੇ ਕਰ ਰਹੇ ਹਨ।
ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੂਬੇ ਵਿਚ ਪਿਛਲੇ ਹਫ਼ਤੇ ਤੋਂ ਆਈ ਅਚਾਨਕ ਗਰਮੀ ਨਾਲ ਨਜਿੱਠਣ ਲਈ ਤੁਰੰਤ ਕਣਕ ਸਣੇ ਹੋਰ ਹਾੜ੍ਹੀ ਦੀਆਂ ਫ਼ਸਲਾਂ ਨੂੰ ਪਾਣੀ ਦੇਣ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਮੌਸਮ ਵਿਚ ਰਹੀ ਖੁਸ਼ਕੀ ਅਤੇ ਹੁਣ ਯਕਦਮ ਪੈਣ ਲੱਗੀ ਗਰਮੀ ਦਾ ਕਿਸਾਨਾਂ ਨੂੰ ਹਰ ਹਾਲਤ ਵਿਚ ਟਾਕਰਾ ਕਰਨ ਦੀ ਜ਼ਰੂਰਤ ਹੈ ਅਤੇ ਫ਼ਸਲਾਂ ਨੂੰ ਪਾਣੀ ਦੇਣ ਤੋਂ ਬਿਲਕੁਲ ਸੁਸਤੀ ਨਹੀਂ ਵਰਤਣੀ ਚਾਹੀਦੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਸੇਵਾ ਮੁਕਤ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਹੁਣ ਹਾੜ੍ਹੀ ਦੀਆਂ ਫ਼ਸਲਾਂ ਵਿਚ ਦਾਣੇ ਬਣਨ ਲੱਗੇ ਹਨ,ਜਿਸ ਕਰਕੇ ਬੂਟਿਆਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਣਕ ਸਮੇਤ ਸਰੋਂ, ਛੋਲੇ, ਜੌਂਅ ਦੀ ਫ਼ਸਲ ਨੂੰ ਹੁਣ ਪਾਣੀ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ। ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਮਾਲਵਾ ਖੇਤਰ ਵਿਚ ਭਰਵਾਂ ਮੀਂਹ ਨਾ ਪੈਣ ਕਰਕੇ ਧਰਤੀ ਖੁਸ਼ਕ ਹੋਈ ਪਈ ਹੈ,ਜਿਸ ਨਾਲ ਫ਼ਸਲਾਂ ਆਮ ਦੇ ਮੁਕਾਬਲੇ ਜਲਦੀ ਪਾਣੀ ਭਾਲਣ ਲੱਗ ਪਈਆਂ ਹਨ। ਖੇਤੀ ਮਾਹਿਰਾਂ ਨੇ ਕਣਕ ਦੇ ਖੇਤਾਂ ਦਾ ਨਿਰੀਖਣ ਕਰਦਿਆਂ ਕਿਸਾਨਾਂ ਨੂੰ ਕਿਹਾ ਕਿ ਉਹ ਪਛੇਤੀਆਂ ਕਣਕਾਂ ਵਿਚ ਯੂਰੀਆ ਖਾਦ ਹੋਰ ਨਾ ਪਾਉਣ, ਸਗੋਂ ਇਸ ਉਪਰ ਤਿੰਨ ਫ਼ੀਸਦ ਯੂਰੀਆ ਦੀ ਸਪਰੇਅ ਕਰਨ।
ਪੰਜਾਬੀ ਟ੍ਰਿਬਯੂਨ