ਪਿੰਡ ਵਾਸੀਆਂ ਨੇ ਕਾਰਵਾਈ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ
17 ਮਾਰਚ, 2026 – ਲਾਲੜੂ : ਪਿੰਡ ਸਮਗੋਲੀ ਤੇ ਬੀਜਣਪੁਰ ਵਿੱਚ ‘ਗੋਲਡਨ ਫੋਰੈਸਟ’ ਕੰਪਨੀ ਦੀ ਜ਼ਮੀਨ ਵਿੱਚੋਂ ਕਥਿਤ ਤੌਰ ’ਤੇ ਨਾਜਾਇਜ਼ ਤਰੀਕੇ ਨਾਲ ਮਿੱਟੀ ਦੀ ਮਾਈਨਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇਹ ਗੈਰਕਾਨੂੰਨੀ ਸਰਗਰਮੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਨੱਕ ਹੇਠ ਹੋ ਰਹੀ ਹੈ ਪਰ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਪਿੰਡ ਵਾਸੀਆਂ ਮੁਤਾਬਕ ਰਾਤ ਦੇ ਸਮੇਂ ਜੇ ਸੀ ਬੀ ਮਸ਼ੀਨਾਂ ਅਤੇ ਟਿੱਪਰਾਂ ਦੀ ਮਦਦ ਨਾਲ ਮਿੱਟੀ ਦੀ ਖੁਦਾਈ ਲਗਾਤਾਰ ਜਾਰੀ ਰਹਿੰਦੀ ਹੈ। ਮਾਈਨਿੰਗ ਮਾਫੀਆ ਵੱਲੋਂ ਬਿਨਾਂ ਮਨਜ਼ੂਰੀ ਜਾਂ ਰਾਇਲਟੀ ਦਿੱਤੇ ਸਰਕਾਰੀ ਅਤੇ ਕੰਪਨੀ ਦੀ ਜ਼ਮੀਨ ਵਿਚੋਂ ਵੱਡੇ ਪੱਧਰ ’ਤੇ ਮਿੱਟੀ ਕੱਢੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਵਿਭਾਗ ਨੂੰ ਸ਼ਿਕਾਇਤਾਂ ਦੇ ਬਾਵਜੂਦ ਕੋਈ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਜਾਂਚ ਨਹੀਂ ਕਰਦਾ। ਇਸ ਨਾਜਾਇਜ਼ ਮਾਈਨਿੰਗ ਕਾਰਨ ਇਲਾਕੇ ਦਾ ਕੁਦਰਤੀ ਤਵਾਜ਼ਨ ਖਰਾਬ ਹੋ ਰਿਹਾ ਹੈ ਅਤੇ ਨੇੜਲੇ ਖੇਤੀਬਾੜੀ ਵਾਲੇ ਖੇਤਰਾਂ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਗਿਆ ਹੈ।
ਇਸ ਤੋਂ ਇਲਾਵਾ ਭਾਰੀ ਵਾਹਨਾਂ ਦੀ ਆਵਾਜਾਈ ਨਾਲ ਪਿੰਡਾਂ ਦੀਆਂ ਸੜਕਾਂ ਵੀ ਬੁਰੀ ਤਰ੍ਹਾਂ ਖਰਾਬ ਹੋ ਰਹੀਆਂ ਹਨ। ਪਿੰਡ ਵਾਸੀਆਂ ਨੇ ਸ਼ੱਕ ਜਤਾਇਆ ਹੈ ਕਿ ਮਾਈਨਿੰਗ ਮਾਫੀਆ ਤੇ ਕੁਝ ਅਧਿਕਾਰੀਆਂ ਵਿਚਕਾਰ ਮਿਲੀਭੁਗਤ ਹੋ ਸਕਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਇਸ ਸਬੰਧੀ ਪੱਖ ਜਾਣਨ ਲਈ ਐੱਸ ਡੀ ਓ ਮਾਈਨਿੰਗ ਰਮਨਜੋਤ ਸਿੰਘ ਨਾਲ ਫੋਨ ’ਤੇ ਰਾਬਤਾ ਕੀਤਾ ਪਰ ਉਨ੍ਹਾਂ ਨੇ ਕਾਲ ਰਿਸੀਵ ਨਹੀਂ ਕੀਤੀ।
ਪੰਜਾਬੀ ਟ੍ਰਿਬਯੂਨ