ਮੁੱਖ ਮੰਤਰੀ ਦੀ ਧੂਰੀ ਰੈਲੀ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਭੇਜੇ ਜਾਣ ਕਾਰਨ ਅੱਡਿਆਂ ’ਤੇ ਬੱਸਾਂ ਨੂੰ ਉਡੀਕਦੇ ਰਹੇ ਯਾਤਰੀ
18 ਮਾਰਚ, 2026 – ਮਾਨਸਾ : ਮੁੱਖ ਮੰਤਰੀ ਭਗਵੰਤ ਮਾਨ ਦੀ ਧੂਰੀ ਰੈਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਲਿਜਾਣ ਲਈ PRTC ਸਣੇ ਪੰਜਾਬ ਰੋਡਵੇਜ਼ ਬੱਸਾਂ ਨੂੰ ਭੇਜੇ ਜਾਣ ਕਾਰਨ ਅੱਜ ਇਸ ਖੇਤਰ ਵਿੱਚ ਸਫ਼ਰ ਕਰਨ ਵਾਲੀਆਂ ਆਮ ਸਵਾਰੀਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰਾਂ ਦੇ ਮੁੱਖ ਅੱਡਿਆਂ ਸਣੇ ਪੇਂਡੂ ਬੱਸ ਅੱਡਿਆਂ ’ਤੇ ਲੋਕ ਲੰਬਾ-ਲੰਬਾ ਸਮਾਂ ਬੱਸਾਂ ਨੂੰ ਉਡੀਕਦੇ ਰਹੇ।
ਇਸ ਰੈਲੀ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੇ ਬਠਿੰਡਾ, ਬੁਢਲਾਡਾ, ਬਰਨਾਲਾ, ਪਟਿਆਲਾ, ਲੁਧਿਆਣਾ ਸੰਗਰੂਰ, ਫਰੀਦਕੋਟ ਡਿੱਪੂਆਂ, ਪੰਜਾਬ ਰੋਡਵੇਜ਼ ਦੇ ਅਨੇਕਾਂ ਡਿੱਪੂਆਂ ਵਿੱਚੋਂ ਬੱਸਾਂ ਨੂੰ ਵੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੈਲੀ ਵਿੱਚ ਲਿਜਾਣ ਲਈ ਭੇਜਿਆ ਗਿਆ। ਇਸ ਰੈਲੀ ਵਿੱਚ ਮਾਨਸਾ ਤੋਂ ਇਲਾਵਾ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਫਰੀਦਕੋਟ, ਲੁਧਿਆਣਾ ਜ਼ਿਲ੍ਹਿਆਂ ਦੇ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਇਨ੍ਹਾਂ ਬੱਸਾਂ ਨੂੰ ਭੇਜਿਆ ਗਿਆ।
ਆਮ ਆਦਮੀ ਪਾਰਟੀ ਦੀ ਇਸ ਰੈਲੀ ਵਿੱਚ ਵੱਡੀ ਪੱਧਰ ’ਤੇ ਸਰਕਾਰੀ ਬੱਸਾਂ ਨੂੰ ਵਰਤਿਆ ਗਿਆ ਹੈ, ਜਿਸ ਨਾਲ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਆਪਣੀ ਮੰਜ਼ਿਲ ’ਤੇ ਜਾਣ ਲਈ ਪ੍ਰਾਈਵੇਟ ਬੱਸਾਂ ’ਤੇ ਸਫ਼ਰ ਕਰਨ ਪਿਆ। ਉਧਰ, ਸਰਕਾਰੀ ਬੱਸਾਂ ਵੀ ਵੱਡੀ ਗਿਣਤੀ ਵਿੱਚ ਰੈਲੀ ਲਈ ਗਈਆਂ ਹੋਣ ਬਾਰੇ ਕਾਰਪੋਰੇਸ਼ਨ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਰੈਲੀ ਵਾਲੀਆਂ ਬੱਸਾਂ ਲਈ ਪੈਸਾ ਉਵੇਂ ਹੀ ਦਿੱਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ, ਜਿਵੇਂ ਫ਼ਰੀ ਸਫ਼ਰ ਵਾਲੀਆਂ ਔਰਤਾਂ ਦਾ ਪੈਸਾ ਦਿੱਤਾ ਜਾਂਦਾ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾਈ ਆਗੂ ਮੱਖਣ ਸਿੰਘ ਮਾਨ ਨੇ ਦੱਸਿਆ ਕਿ ਵੱਡੀ ਪੱਧਰ ’ਤੇ ਬੱਸਾਂ ਦੇ ਟਾਈਮ ਮਿਸ ਹੋਣ ਕਾਰਨ ਆਮ ਲੋਕਾਂ ਨੂੰ ਅੱਡਿਆਂ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਹਫ਼ਤੇ ਦਾ ਦੂਜਾ ਦਿਨ ਹੋਣ ਕਾਰਨ ਲੋਕਾਂ ਨੂੰ ਬਾਹਰ-ਅੰਦਰ ਆਉਣ-ਜਾਣ ਦੀ ਵੱਧ ਲੋੜ ਪੈਂਦੀ ਹੈ, ਜਿਸ ਕਰਕੇ ਲੋਕ ਵੱਧ ਪ੍ਰੇਸ਼ਾਨ ਹੁੰਦੇ ਰਹੇ ਹਨ।
ਪੰਜਾਬੀ ਟ੍ਰਿਬਯੂਨ