ਕਾਨੂੰਨ ਵਿਵਸਥਾ ਨੂੰ ਲੈ ਕੇ ਉੱਠੇ ਸਵਾਲ
ਲੰਘੇ ਦਿਨ ਪੰਜਾਬ ਯੂਨੀਵਰਸਿਟੀ ਵਿੱਚ ਵਾਪਰੀ ਸੀ ਫਾਇਰਿੰਗ ਦੀ ਘਟਨਾ
19 ਮਾਰਚ, 2026 – ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 9 ਵਿੱਚ ਬੁੱਧਵਾਰ ਨੂੰ 31 ਸਾਲਾਂ ਚਰਨਪ੍ਰੀਤ ਸਿੰਘ ਨਾਮਕ ਵਿਅਕਤੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿਟੀ ਬਿਊਟੀਫੁੱਲ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਅੱਜ ਲਗਾਤਾਰ ਦੂਜੇ ਦਿਨ ਵਾਪਰੀ ਹੈ ਜਿਸ ਕਰਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੇਸ਼ੇ ਵਜੋਂ ਪ੍ਰਾਪਰਟੀ ਡੀਲਰ ਅਤੇ ਮੁੱਲਾਪੁਰ ਵਾਸੀ ਚਰਨਪ੍ਰੀਤ ਸਿੰਘ ਜਦੋਂ ਸੈਕਟਰ ਨੌ ਸਥਿਤ ਜਿਮ ਵਿੱਚੋਂ ਬਾਹਰ ਨਿਕਲ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਨੌਜਵਾਨਾਂ ਨੇ ਉਸ ‘ਤੇ ਇੱਕ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਪੀੜਤ ਨੂੰ ਤੁਰੰਤ ਪੀਜੀਆਈ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਉਧਰ ਚੰਡੀਗੜ੍ਹ ਪੁਲੀਸ ਨੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਸ਼ਹਿਰ ਵਿੱਚ ਚੌਕਸੀ ਵੀ ਵਧਾ ਦਿੱਤੀ ਗਈ ਹੈ।
ਲੰਘੇ ਦਿਨ ਪੰਜਾਬ ਯੂਨੀਵਰਸਿਟੀ ਵਿੱਚ ਚੱਲੀਆਂ ਸੀ ਗੋਲੀਆਂ
ਜ਼ਿਕਰਯੋਗ ਹੈ ਕਿ ਲੰਘੇ ਦਿਨ ਪੰਜਾਬ ਯੂਨੀਵਰਸਿਟੀ ਵਿੱਚ ਸੋਪੂ ਜਥੇਬੰਦੀ ਦੇ ਵਿਦਿਆਰਥੀ ਆਗੂ ਜਸ਼ਨਦੀਪ ਸਿੰਘ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਇਸ ਹਮਲੇ ਵਿੱਚ ਉਸ ਦੀ ਜਾਨ ਵਾਲ-ਵਾਲ ਬੱਚ ਗਈ ਸੀ ਪਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਵੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਪੁਲੀਸ ਦੇ ਹੱਥ ਹਾਲੇ ਕੁਝ ਨਹੀਂ ਲੱਗ ਸਕਿਆ। ਦਿਨ-ਦਿਹਾੜੇ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਵਿੱਚ ਖੌਫ ਪੈਦਾ ਕਰ ਦਿੱਤਾ ਹੈ।
ਪੰਜਾਬੀ ਟ੍ਰਿਬਯੂਨ