ਖੇਡ ਜਗਤ ਵਿੱਚ ਉੱਚਾ ਮੁਕਾਮ ਹਾਸਲ ਕਰਨਾ ਅਜੋਕੇ ਸਮਾਜ ’ਚ ਕੁੜੀਆਂ ਲਈ ਕੋਈ ਸੌਖਾ ਕੰਮ ਨਹੀਂ ਹੈ। ਪਰ ਜਦੋਂ ਮਾਪਿਆਂ ਦੀ ਹੱਲਾਸ਼ੇਰੀ, ਅਧਿਆਪਕਾਂ ਦੀ ਯੋਗ ਅਗਵਾਈ ਅਤੇ ਖਿਡਾਰੀ ਦੀ ਖ਼ੁਦ ਦੀ ਸਖ਼ਤ ਮਿਹਨਤ ਦਾ ਸੁਮੇਲ ਹੋ ਜਾਵੇ ਤਾਂ ਸੱਚਮੁਚ ਉਸ…
20 ਮਾਰਚ, 2026 – ਖੇਡ ਜਗਤ ਵਿੱਚ ਉੱਚਾ ਮੁਕਾਮ ਹਾਸਲ ਕਰਨਾ ਅਜੋਕੇ ਸਮਾਜ ’ਚ ਕੁੜੀਆਂ ਲਈ ਕੋਈ ਸੌਖਾ ਕੰਮ ਨਹੀਂ ਹੈ। ਪਰ ਜਦੋਂ ਮਾਪਿਆਂ ਦੀ ਹੱਲਾਸ਼ੇਰੀ, ਅਧਿਆਪਕਾਂ ਦੀ ਯੋਗ ਅਗਵਾਈ ਅਤੇ ਖਿਡਾਰੀ ਦੀ ਖ਼ੁਦ ਦੀ ਸਖ਼ਤ ਮਿਹਨਤ ਦਾ ਸੁਮੇਲ ਹੋ ਜਾਵੇ ਤਾਂ ਸੱਚਮੁਚ ਉਸ ਨੂੰ ਆਪਣੀ ਮੰਜ਼ਿਲ ਅਤੇ ਆਪਣਾ ਮੁਕਾਮ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਪਰ ਖਿਡਾਰੀ ਦਾ ਟੀਚਾ ਜ਼ਰੂਰ ਸਪੱਸ਼ਟ ਹੋਣਾ ਚਾਹੀਦਾ ਹੈ। ਅਮਨਦੀਪ ਸਕੂਲ ਵਿੱਚ ਪੜ੍ਹਦਿਆਂ ਜੈਵਲਿਨ ਥ੍ਰੋਅ ਕਰਦੀ ਸੀ ਪਰ ਬਾਅਦ ਵਿਚ ਉਸ ਨੇ ਰਗਬੀ ਖੇਡਣ ਦਾ ਮਨ ਬਣਾਇਆ। ਹੁਣ ਉਹ ਭਾਰਤੀ ਰਗਬੀ ਟੀਮ ਦੀ ਨੁਮਾਇੰਦਗੀ ਕਰਦਿਆਂ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣਾ ਚਾਹੁੰਦੀ ਹੈ।
ਉਸ ਨੇ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਹਨ। ਉਸ ਨੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਧੀਰਪੁਰ ਵਿੱਚ ਨਿਰੋਲ ਪੇਂਡੂ ਤੇ ਗ਼ਰੀਬ ਪਰਿਵਾਰ ’ਚੋਂ ਉੱਠ ਕੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ। ਵਿਸ਼ੇਸ਼ ਗੱਲ ਇਹ ਕਿ ਅਮਨਦੀਪ ਇੰਡੀਆ ਰਗਬੀ ਟੀਮ ਵਿੱਚ ਚੁਣੀ ਜਾਣ ਵਾਲੀ ਪੰਜਾਬ ਦੀ ਪਹਿਲੀ ਖਿਡਾਰਨ ਹੈ ਜਿਸ ਨੇ ਥਾਈਲੈਂਡ, ਚੀਨ ਤੇ ਸ੍ਰੀਲੰਕਾ ਆਦਿ ਦੇਸ਼ਾਂ ਵਿੱਚ ਹੋਏ ਕੌਮਾਂਤਰੀ ਮੁਕਾਬਲਿਆਂ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ।
ਪਿਤਾ ਮਲੂਕ ਸਿੰਘ ਦੀ ਧੀ ਅਮਨਦੀਪ ਕੌਰ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ (ਸ੍ਰੀ ਫਤਿਹਗੜ੍ਹ ਸਾਹਿਬ) ਵਿੱਚ ਦਾਖ਼ਲਾ ਲਿਆ ਜਿੱਥੇ ਸਰੀਰਕ ਸਿੱਖਿਆ ਦੀ ਲੈਕਚਰਾਰ ਸਤਿੰਦਰਵੀਰ ਕੌਰ ਨੇ ਉਸ ਨੂੰ ਜੈਵਲਿਨ ਥ੍ਰੋਅ ’ਚ ਭਾਗ ਲੈਣ ਲਈ ਪ੍ਰੇਰਿਆ ਅਤੇ ਤਰਾਸ਼ਿਆ। ਸਿੱਟੇ ਵਜੋਂ ਅਮਨਦੀਪ ਕੌਰ ਨੇ ਜੈਵਲਿਨ ਸੁੱਟਣ ਦਾ ਆਭਿਆਸ ਆਰੰਭ ਕਰ ਦਿੱਤਾ। ਇੱਥੋਂ ਹੀ ਉਸ ਦੀ ਖੇਡਾਂ ’ਚ ਭਾਗ ਲੈਣ ਦੀ ਮੁੱਢਲੀ ਸ਼ੁਰੂਆਤ ਦਾ ਆਗਾਜ਼ ਹੋਇਆ। ਅਮਨਦੀਪ ਕੌਰ ਨੇ ਜੀਅ-ਜਾਨ ਨਾਲ ਮਿਹਨਤ ਕੀਤੀ ਤੇ ਸਕੂਲੀ ਮੁਕਾਬਲਿਆਂ ’ਚ ਭਾਗ ਲੈਂਦਿਆਂ ਜ਼ਿਲ੍ਹਾ ਤੇ ਸਟੇਟ ਪੱਧਰ ਉੱਤੇ ਜੈਵਲਿਨ ਥ੍ਰੋਅ ’ਚ ਚੰਗਾ ਪ੍ਰਦਰਸ਼ਨ ਕੀਤਾ।
ਬਾਰ੍ਹਵੀਂ ਜਮਾਤ ਰੰਧਾਵਾ ਸਕੂਲ ਤੋਂ ਚੰਗੇ ਅੰਕਾਂ ’ਚ ਪਾਸ ਕਰਨ ਪਿੱਛੋਂ ਅਮਨਦੀਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿੱਚ ਬੀ ਪੀ ਈ ਐੱਸ (ਤਿੰਨ ਸਾਲਾ ਗ੍ਰੈਜੂਏਸ਼ਨ ਕੋਰਸ) ਵਿੱਚ ਦਾਖ਼ਲਾ ਲੈ ਲਿਆ। ਉਪਰੰਤ ਪੜ੍ਹਾਈ ਦੇ ਨਾਲ-ਨਾਲ ਉਸ ਨੇ ਜੈਵਲਿਨ ਥ੍ਰੋਅ ਦਾ ਅਭਿਆਸ ਨਿਰੰਤਰ ਜਾਰੀ ਰੱਖਿਆ ਤੇ ਚੰਗਾ ਪ੍ਰਦਰਸ਼ਨ ਕੀਤਾ। ਪਰ ਦੋ ਸਾਲ ਬਾਅਦ ਉਸ ਦੀ ਖੇਡ ਦੁਨੀਆ ਵਿੱਚ ਉਦੋਂ ਨਵਾਂ ਮੋੜ ਆਇਆ ਜਦੋਂ ਸਹਾਇਕ ਪ੍ਰੋਫੈਸਰ ਤੇ ਕੋਚ ਸੰਦੀਪ ਕੁਮਾਰ ਦੀ ਅਗਵਾਈ ਹੇਠ ਅਮਨਦੀਪ ਕੌਰ ਨੇ ਰਗਬੀ ਖੇਡ ਖੇਡਣ ਦਾ ਮਨ ਬਣਾ ਲਿਆ। ਸਖ਼ਤ ਮਿਹਨਤ ਕਰਦਿਆਂ ਅਮਨਦੀਪ ਕੌਰ ਨੇ ਰਗਬੀ ਖੇਡ ਵਿੱਚ ਯੂਨੀਵਰਸਿਟੀ ਤੇ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਮੱਲਾਂ ਮਾਰੀਆਂ। ਸਾਲ 2022 ਵਿੱਚ ਅਮਨਦੀਪ ਨੇ ਪਟਨਾ ਸਾਹਿਬ (ਬਿਹਾਰ) ਵਿੱਚ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਫਿਰ 21 ਅਗਸਤ 2025 ਨੂੰ ਅਮਨਦੀਪ ਥਾਈਲੈਂਡ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਜਾਣ ਵਾਲੀਆਂ 14 ਖਿਡਾਰਨਾਂ ’ਚ ਚੁਣੀ ਗਈ ਜਿਸ ਨੇ ਉਸ ਦੇ ਖੇਡ ਪ੍ਰਤੀ ਹੌਸਲੇ ਤੇ ਜਜ਼ਬੇ ਨੂੰ ਹੋਰ ਬੁਲੰਦ ਕਰ ਦਿੱਤਾ। ਇਸ ਮਗਰੋਂ 11 ਸਤੰਬਰ 2025 ਨੂੰ ਉਹ ਭਾਰਤੀ ਰਗਬੀ ਟੀਮ ਲਈ ਚੁਣੀ ਗਈ। ਏਸ਼ੀਆ ਦੀਆਂ ਦੋ ਲੀਗਜ਼ ਹੋਈਆਂ ਜਿਨ੍ਹਾਂ ’ਚ ਪਹਿਲੀ 20-21 ਸਤੰਬਰ 2025 ਨੂੰ ਚੀਨ ਤੇ ਦੂਜੀ 18-19 ਅਕਤੂਬਰ 2025 ਨੂੰ ਸ੍ਰੀਲੰਕਾ ਵਿੱਚ ਹੋਈ ਜਿਸ ਵਿੱਚ ਅਮਨਦੀਪ ਕੌਰ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ।
24 ਸਾਲਾ ਅਮਨਦੀਪ ਪੜ੍ਹਾਈ ਤੇ ਖੇਡ ਨੂੰ ਸਮਰਪਿਤ ਹੈ। ਉਹ ਉੱਚੀ ਉਡਾਣ ਭਰਨ ਲਈ ਪੂਰੀ ਸ਼ਿੱਦਤ, ਲਗਨ ਤੇ ਮਿਹਨਤ ਨਾਲ ਜੁਟੀ ਹੋਈ ਹੈ। ਸ਼ਾਲਾ! ਅਮਰਦੀਪ ਕੌਰ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਦੇ ਹੋਏ ਏਸ਼ਿਆਈ ਖੇਡਾਂ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਦੇਸ਼ ਲਈ ਤਗ਼ਮਾ ਜਿੱਤ ਕੇ ਲਿਆਵੇ। ਇਹ ਅਮਨਦੀਪ ਕੌਰ ਦੀ ਦਿਲੀ ਇੱਛਾ ਵੀ ਹੈ। ਪ੍ਰਸਿੱਧ ਸ਼ਾਇਰ ਬਾਬਾ ਨਜ਼ਮੀ ਦਾ ਸ਼ੇਅਰ ਅਮਨਦੀਪ ਦੀ ਸ਼ਖ਼ਸੀਅਤ ਉੱਤੇ ਢੁਕਦਾ ਹੈ:
ਬੇ ਹਿੰਮਤੇ ਨੇ ਜਿਹੜੇ, ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ।।
ਮੰਜ਼ਲ ਦੇ ਮੱਥੇ ’ਤੇ ਤਖ਼ਤੀ, ਲੱਗਦੀ ਉਨ੍ਹਾਂ ਲੋਕਾਂ ਦੀ।
ਘਰੋਂ ਬਣਾ ਕੇ ਤੁਰਦੇ ਜਿਹੜੇ, ਨਕਸ਼ਾ ਆਪਣੇ ਸਫ਼ਰਾਂ ਦਾ।।
ਸੰਪਰਕ: 76967-54669
ਪੰਜਾਬੀ ਟ੍ਰਿਬਯੂਨ