ਸਰਕਾਰੀ ITI ਮਾਨਸਾ ਦੇ ਮੁੱਖ ਗੇਟ ਅੱਗੇ ਠੇਕਾ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਰਕਾਰੀ ITIਜ਼ ਵਿੱਚ ਸੇਵਾਵਾਂ ਨਿਭਾ ਰਹੇ ਹਨ ਪਰ…
21 ਮਾਰਚ, 2026 – ਮਾਨਸਾ : ਸਰਕਾਰੀ ITI ਮਾਨਸਾ ਦੇ ਮੁੱਖ ਗੇਟ ਅੱਗੇ ਠੇਕਾ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਰਕਾਰੀ ITI ਵਿੱਚ ਸੇਵਾਵਾਂ ਨਿਭਾ ਰਹੇ ਹਨ ਪਰ ਉਨ੍ਹਾਂ ਨੂੰ ਅੱਜ ਤੱਕ ਰੈਗੂਲਰ ਨਹੀਂ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦਕ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਉਨ੍ਹਾਂ ਦੇ ਪੱਲੇ ਲਾਰੇ ਹੀ ਪਏ ਹਨ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਇਸ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਮੌਕੇ ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ, ਵਿਜੈ ਭੀਖੀ, ਜੀਵਨ ਸਿੰਘ ਗੇਹਲੇ, ਜਸਵਿੰਦਰ ਸਿੰਘ, ਨਰਦੀਪ ਸਿੰਘ ਅਤੇ ਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਜਲਾਲਾਬਾਦ : ਸਰਕਾਰੀ ITIਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਇੱਥੇ ਸਰਕਾਰੀ ITI ਜਲਾਲਾਬਾਦ ਦੇ ਗੇਟ ਅੱਗੇ ਠੇਕਾ ਇੰਸਟਰਕਟਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਨਾਅਰੇਬਾਜ਼ੀ ਕੀਤੀ। ਠੇਕਾ ਕਰਮਚਾਰੀਆਂ ਨੇ ਕਿਹਾ ਕਿ ਉਹ 15 ਸਾਲਾਂ ਤੋਂ ਵੱਖ-ਵੱਖ ITI ਵਿੱਚ ਠੇਕਾ ਆਧਾਰ ’ਤੇ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ। ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ’ਤੇ ਸੁਰਜੀਤ ਸਿੰਘ ਫਿਟਰ ਇੰਸਟਰਕਟਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਪੈਨਸ਼ਨਾਂ ’ਤੇ ਖੋਰਾ ਲਾ ਰਹੀਆਂ ਹਨ।
ਇਸ ਮੌਕੇ ਮਨਜੀਤ ਸਿੰਘ ਪਲੰਬਰ ਇੰਸਟਰਕਟਰ, ਗੁਰਵਿੰਦਰ ਸਿੰਘ, ਗੁਰਲਾਭ ਸਿੰਘ, ਮੀਨੂ ਬਾਲਾ, ਜਗਦੀਸ਼ ਚੰਦਰ, ਗੁਰਪਾਲ ਸਿੰਘ, ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਬੇਸਿਕ ਪੇਅ ਉੱਤੇ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰੇ।
ਪੰਜਾਬ ਸਰਕਾਰ ਵਿਰੁੱਧ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ITI ਠੇਕਾ ਇੰਸਟਰਕਟਰਜ਼ ਨੇ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ITI ਵਿੱਚ ਠੇਕੇ ਉੱਪਰ ਕੰਮ ਕਰ ਰਹੇ ਕੱਚੇ ਇੰਸਟਰਕਟਰਾਂ ਨੂੰ ਰੈਗੂਲਰ ਅਸਾਮੀਆਂ ਭਰਨ ਤੋਂ ਪਹਿਲਾਂ ਪੱਕੇ ਕੀਤਾ ਜਾਵੇ ਅਤੇ ਬੇਸਿਕ ਤਨਖ਼ਾਹ ਨੂੰ ਲਾਗੂ ਕੀਤਾ ਜਾਵੇ।
ਪੰਜਾਬੀ ਟ੍ਰਿਬਯੂਨ