ਹਿਸਾਰ ਘੱਗਰ ਮਲਟੀਪਰਪਜ਼ ਡਰੇਨ ਦਾ ਨਿਰਮਾਣ ਵੀ ਸਮੱਸਿਆ ਦੇ ਹੱਲ ’ਚ ਅਸਫਲ
24 ਮਾਰਚ, 2026 – ਏਲਨਾਬਾਦ : ਵਿਧਾਨ ਸਭਾ ਹਲਕਾ ਏਲਨਾਬਾਦ ਦੇ ਚੌਪਟਾ ਖੇਤਰ ਦੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੇਮ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇੱਥੇ ਇਹ ਸਮੱਸਿਆ ਪਹਿਲੀ ਵਾਰ 1991 ਵਿੱਚ ਸਾਹਮਣੇ ਆਈ ਸੀ ਅਤੇ 1992 ਵਿੱਚ ਕਪਾਹ ਦੀ ਫਸਲ ਪ੍ਰਭਾਵਿਤ ਹੋਣ ਲੱਗੀ ਗਈ। ਸਾਲ 1999 ਅਤੇ 2015 ਦਰਮਿਆਨ ਖੇਤੀਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਤੇ ਅੱਜ ਹਜ਼ਾਰਾਂ ਏਕੜ ਜ਼ਮੀਨ ’ਤੇ ਸੇਮ ਦੀ ਮਾਰ ਸਾਫ਼ ਦਿਖਾਈ ਦੇ ਰਹੀ ਹੈ।
ਸਾਲ 2026 ਤੱਕ ਸੇਮ 22,000 ਏਕੜ ਜ਼ਮੀਨ ਅਤੇ 50 ਤੋਂ ਵੱਧ ਪਿੰਡਾਂ ਨੂੰ ਪ੍ਰਭਾਵਿਤ ਕਰ ਚੁੱਕੀ ਹੈ। ਪਿਛਲੇ 35 ਸਾਲਾਂ ਤੋਂ ਇਹ ਸਮੱਸਿਆ ਘਟਣ ਦੀ ਬਜਾਏ ਲਗਾਤਾਰ ਵਧ ਰਹੀ ਹੈ। ਸੇਮ ਦੀ ਮਾਰ ਨਾਲ ਢਹਿ ਰਹੇ ਘਰ, ਡੁੱਬ ਰਹੇ ਖੇਤ ਅਤੇ ਬੰਜਰ ਹੋ ਰਹੀਆਂ ਜ਼ਮੀਨਾਂ ਕਿਸਾਨਾਂ ਦੇ ਸੁਪਨਿਆਂ ਨੂੰ ਗ੍ਰਹਿਣ ਲਾ ਰਹੇ ਹਨ। ਇਸ ਮਾਰ ਕਾਰਨ 50 ਤੋਂ ਜ਼ਿਆਦਾ ਪਿੰਡਾਂ ਦੇ ਕਿਸਾਨ ਆਰਥਿਕ ਤੌਰ ਤੇ ਹਾਸ਼ੀਏ ’ਤੇ ਪਹੁੰਚ ਚੁੱਕੇ ਹਨ।
ਹਰਿਆਣਾ ਦੇ ਪੰਜ ਜ਼ਿਲ੍ਹਿਆਂ ਭਿਵਾਨੀ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਿਸਾਰ ਘੱਗਰ ਮਲਟੀਪਰਪਜ਼ ਡਰੇਨ 2003-04 ਵਿੱਚ ਬਣਾਈ ਗਈ ਸੀ। ਇਹ ਡਰੇਨ ਭਿਵਾਨੀ, ਜੀਂਦ, ਹਿਸਾਰ ਅਤੇ ਫਤਿਹਾਬਾਦ ਵਿੱਚੋਂ ਲੰਘਦੀ ਹੋਈ ਸਿਰਸਾ ਦੇ ਓਟੂ ਹੈੱਡ ਤੱਕ ਪਹੁੰਚਦੀ ਹੈ। ਕਰੀਬ 3,98,600 ਫੁੱਟ ਲੰਬੀ ਇਹ ਡਰੇਨ 384 ਕਿਊਸਿਕ, 500 ਕਿਊਸਿਕ ਅਤੇ 750 ਕਿਊਸਿਕ ਪਾਣੀ ਦੇ ਪ੍ਰਵਾਹ ਲਈ ਤਿਆਰ ਕੀਤੀ ਗਈ ਸੀ। ਇਸਦਾ ਮੁੱਖ ਉਦੇਸ਼ ਮਾਨਸੂਨ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਸੀ। ਇਹ ਡਰੇਨ ਕੇਵਲ ਸੇਮ ਦੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਸੀ ਪਰ ਹੁਣ ਵਿਭਾਗ ਨੇ ਇਸ ਨੂੰ ਬਹੁਮੰਤਵੀ ਡਰੇਨ ਵਿੱਚ ਬਦਲ ਦਿੱਤਾ।
ਮਾਨਸੂਨ ਦੌਰਾਨ ਘੱਗਰ ਨਦੀ ਦਾ ਵਾਧੂ ਪਾਣੀ ਡਰੇਨ ਵਿੱਚ ਛੱਡਿਆ ਜਾਣ ਲੱਗਾ ਹੈ, ਜਿਸ ਕਾਰਨ ਇਸ ਖੇਤਰ ਵਿੱਚ ਸੇਮ ਦੀ ਸਮੱਸਿਆ ਹੋਰ ਵਧ ਗਈ ਹੈ। ਮੌਨਸੂਨ ਦੌਰਾਨ ਹਰ ਸਾਲ ਕਈ ਥਾਵਾਂ ਤੇ ਡਰੇਨ ਵਿੱਚ ਪਾੜ ਪੈ ਜਾਂਦਾ ਹੈ ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਪ੍ਰਭਾਵਿਤ ਹੋ ਜਾਂਦੀ ਹੈ।
ਇਸ ਤਰ੍ਹਾਂ ਸੇਮ ਦੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਡਰੇਨ ਹੁਣ ਮਾਨਸੂਨ ਦੇ ਮੌਸਮ ਦੌਰਾਨ ਇਸ ਖੇਤਰ ਦੇ 50 ਪਿੰਡਾਂ ਲਈ ਖ਼ਤਰਾ ਬਣ ਚੁੱਕੀ ਹੈ। ਇਸ ਖੇਤਰ ਦੇ ਲੋਕ ਸਮੇਂ ਸਮੇਂ ਤੇ ਇਸ ਦੇ ਸਥਾਈ ਹੱਲ ਦੀ ਮੰਗ ਕਰ ਰਹੇ ਹਨ ਪਰ ਹਾਲੇ ਤੱਕ ਸਮੱਸਿਆ ਘਟਣ ਦੀ ਬਜਾਏ ਵਧਦੀ ਨਜ਼ਰ ਆ ਰਹੀ ਹੈ।
ਪੰਜਾਬੀ ਟ੍ਰਿਬਯੂਨ