ਇਲਾਕਾ ਵਾਸੀਆਂ ਨੇ ਸਰਕਾਰ ਤੋਂ ਖਣਨ ਰੁਕਵਾਉਣ ਦੀ ਮੰਗ ਕੀਤੀ
25 ਮਾਰਚ, 2026 – ਪਠਾਨਕੋਟ : ਜ਼ਿਲ੍ਹੇ ਦੇ ਸਰਹੱਦੀ ਖੇਤਰ ਕਥਲੌਰ ਵਿੱਚ ਸਥਿਤ ਜੰਗਲੀ ਜੀਵ ਰੱਖ ਦੇ ਹਜ਼ਾਰ ਮੀਟਰ ਦੇ ਘੇਰੇ ਵਿੱਚ ਗ਼ੈਰਕਾਨੂੰਨੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕਾ ਵਾਸੀਆਂ ਨੇ ਅੱਜ ਇਸ ਗ਼ੈਰਕਾਨੂੰਨੀ ਮਾਈਨਿੰਗ ਵਿਰੁੱਧ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਠੋਸ ਕਾਰਵਾਈ ਨਾ ਕੀਤੇ ਜਾਣ ’ਤੇ ਰੋਸ ਪ੍ਰਗਟ ਕੀਤਾ।
ਪੰਚਾਇਤ ਮੈਂਬਰ ਗਗਨ ਕੁਮਾਰ, ਦਿਨੇਸ਼ ਸਿੰਘ, ਵਿਦੇਸ਼ ਕੁਮਾਰ, ਜਗਮੋਹਨ ਸਿੰਘ, ਅਜੇ ਸਿੰਘ, ਸੁਰਜੀਤ ਸਿੰਘ, ਤਿਲਕ ਰਾਜ ਸ਼ਰਮਾ, ਰਵਿੰਦਰ ਕੁਮਾਰ ਸ਼ਰਮਾ, ਗੁਲਸ਼ਨ ਕੁਮਾਰ, ਬਲਬੀਰ ਕੁਮਾਰ, ਰਮਨਦੀਪ ਕੁਮਾਰ ਅਤੇ ਹੇਮ ਰਾਜ ਨੇ ਕਿਹਾ ਕਿ ਅਧਿਕਾਰੀਆਂ ਦੀ ਨਿਗ੍ਹਾ ਹੇਠ ਇੱਕ ਹਫ਼ਤੇ ਤੋਂ ਇਹ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ।
ਦਿਨੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਗ਼ੈਰਕਾਨੂੰਨੀ ਮਾਈਨਿੰਗ ਬਾਰੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਅਧਿਕਾਰੀਆਂ ਨੇ ਉਸ ਨੂੰ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਇਸ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਦੀ ਜ਼ਮੀਨ ਨੇੜੇ ਮਾਈਨਿੰਗ ਜਾਰੀ ਰਹੀ ਤਾਂ ਪਾਣੀ ਦਾ ਪੱਧਰ ਡਿੱਗ ਜਾਵੇਗਾ ਅਤੇ ਖੇਤੀਬਾੜੀ ਵਾਲੀ ਜ਼ਮੀਨ ਸੁੱਕਣ ਕੰਢੇ ਆ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਕਰੇ।
ਮਾਮਲਾ ਮਾਈਨਿੰਗ ਵਿਭਾਗ ਦੇ ਵਿਚਾਰ ਅਧੀਨ: ਐਕਸੀਅਨ
ਮਾਈਨਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸਿਮਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਵਿਚਾਰ ਅਧੀਨ ਹੈ ਅਤੇ ਉਹ ਸਬੰਧਤ ਐੱਸ ਡੀ ਓ ਤੋਂ ਜਾਣਕਾਰੀ ਲੈਣਗੇ। ਜੰਗਲੀ ਜੀਵ ਵਿਭਾਗ ਦੇ ਡੀ ਐੱਫ ਓ ਅਟਲ ਮਹਾਜਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜਦੋਂ ਇਸ ਦਾ ਪਤਾ ਕੀਤਾ ਤਾਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਇੱਥੇ ‘ਫਿਸ਼ ਪੌਂਡ’ ਬਣਾਇਆ ਜਾਣਾ ਹੈ ਤੇ ਉਸ ਲਈ ਖਣਨ ਹੋ ਰਿਹਾ ਹੈ। ਉਨ੍ਹਾਂ ਤੁਰੰਤ ਮਾਈਨਿੰਗ ਵਿਭਾਗ ਅਤੇ ਪੁਲੀਸ ਅਧਿਕਾਰੀਆਂ ਨੂੰ ਇਸ ਗ਼ੈਰਕਾਨੂੰਨੀ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਪੱਤਰ ਲਿਖਿਆ ਸੀ।
ਪੰਜਾਬੀ ਟ੍ਰਿਬਯੂਨ