ਸ਼ਰਤਾਂ ਤਹਿਤ ਜ਼ਮੀਨ ਖੇਤੀ ਯੋਗ ਬਣਾਉਣ ਲਈ ਮਿਲੀ ਖੁਦਾਈ ਦੀ ਇਜਾਜ਼ਤ ਦੀ ਹੋ ਰਹੀ ਹੈ ਦੁਰਵਰਤੋਂ
25 ਮਾਰਚ, 2026 – ਤਲਵਾੜਾ : ਰੇਲ ਲਾਈਨ ’ਤੇ ਭਰਤ ਪਾਉਣ ਦੀ ਆੜ ਹੇਠ ਠੇਕੇਦਾਰਾਂ ਵੱਲੋਂ ਬਹਿਦੂਲੋ, ਬਹਿਫੱਤੋ ਅਤੇ ਅਲੇਰਾਂ ਆਦਿ ਵਿੱਚ ਕੀਤੀ ਜਾ ਰਹੀ ਨਿਯਮਾਂ ਦੇ ਉਲਟ ਅੰਨ੍ਹੇਵਾਹ ਖੁਦਾਈ ਪਹਾੜਾਂ ਅਤੇ ਜੰਗਲਾਤ ਲਈ ਖਤਰਾ ਸਾਬਿਤ ਹੋਣ ਲੱਗੀ ਹੈ। ਦਿਨ ਰਾਤ ਹੋ ਰਹੀ ਇਸ ਖੁਦਾਈ ਨੂੰ ਰੋਕਣ ਲਈ ਕੋਈ ਵੀ ਅਧਿਕਾਰੀ ਤਿਆਰ ਨਹੀਂ ਹੈ। ਰੇਲਵੇ ਲਈ ਦਿੱਤੀ ਗਈ ਪੁਟਾਈ ਦੀ ਇਜਾਜ਼ਤ ਦੀ ਸ਼ਰ੍ਹੇਆਮ ਦੁਰਵਰਤੋਂ ਤੋਂ ਅਧਿਕਾਰੀ ਪੱਲਾ ਝਾੜ ਰਹੇ ਹਨ।
ਸਾਬਕਾ ਬਲਾਕ ਸਮਿਤੀ ਮੈਂਬਰ ਅਨਿਲ ਕੁਮਾਰ ਬਿੱਟੂ ਨੇ ਕਿਹਾ ਕਿ ਕੰਢੀ ਖੇਤਰ ਵਿੱਚ ਖਣਨ ਮਾਫੀਆ ਲੋਕਾਂ ਨੂੰ ਰਾਤ ਨੂੰ ਵੀ ਸੌਣ ਨਹੀਂ ਦੇ ਰਿਹਾ। ਬਹਿਦੂਲੋ ਅਤੇ ਅਲੇਰਾਂ ਵਿੱਚ ਰੇਲਵੇ ਦੀ ਭਰਤੀ ਪਾਉਣ ਦੇ ਨਾਮ ’ਤੇ ਚੱਲ ਰਿਹਾ ਨਾਜਾਇਜ਼ ਖਣਨ ਦਾ ਕਾਰੋਬਾਰ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਵਾਲੀਆਂ ਸੰਪਰਕ ਸੜਕਾਂ ਅਤੇ ਪਹਾੜਾਂ ਨੂੰ ਤਬਾਹ ਕਰ ਰਿਹਾ ਹੈ।
ਰੇਲਵੇ ਦੀ ਆੜ ਵਿੱਚ ਠੇਕੇਦਾਰਾਂ ਵਲੋਂ ਅੰਦਰਖਾਤੇ ਕੱਚਾ ਮਾਲ ਕਥਿਤ ਕਰੱਸ਼ਰਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਕਿਉਂਕਿ ਰੇਲਵੇ ਵਿੱਚ ਪੱਥਰ ਵਾਲੀ ਮਿੱਟੀ ਭਰਤ ਲਈ ਵਰਤੀ ਹੀ ਨਹੀਂ ਜਾ ਸਕਦੀ।
ਇੱਕ ਕਿਸਾਨ ਨੇ ਦੱਸਿਆ ਕਿ ਬਾਬਾ ਗੰਗੂ ਨਾਥ ਕੋਲ ਕੀਤੀ ਜਾ ਰਹੀ ਪੁਟਾਈ ਨੇ ਟਿਊਬਵੈੱਲ ਕਾਰਪੋਰੇਸ਼ਨ ਵੱਲੋਂ ਪਾਈਆਂ ਸਿੰਜਾਈ ਵਾਲੀ ਪਾਈਪਾਂ ਦਾ ਨੁਕਸਾਨ ਕਰ ਦਿੱਤਾ ਹੈ। ਨਿਯਮਾਂ ਅਨੁਸਾਰ ਜ਼ਮੀਨ ਦੀ ਹੱਦ ਤੋਂ 11 ਫੁੱਟ ਤੱਕ ਪੁਟਾਈ ਨਹੀਂ ਕੀਤੀ ਜਾ ਸਕਦੀ ਪਰ ਇੱਥੇ ਕੋਈ ਨਿਯਮ ਲਾਗੂ ਨਹੀਂ ਹੈ। ਕੌਮੀ ਹਿੱਤਾਂ ਦੀ ਆੜ ਹੇਠ ਬਹਿਦੂਲੋ ਵਿੱਚ ਬੀ ਐੱਸ ਐੱਨ ਐੱਲ ਦੇ ਮੁੱਢ ਤੱਕ ਪੁਟਾਈ ਕਰ ਦਿੱਤੀ ਗਈ ਹੈ ਅਤੇ ਇਹ ਪੁਟਾਈ ਦੀ ਮਿਣਤੀ ਘੱਟ ਦਿਖਾਉਣ ਲਈ ਦੋ ਪਰਤਾਂ ਵਿੱਚ ਕੀਤੀ ਗਈ ਹੈ। ਜ਼ਮੀਨ ਖੇਤੀ ਖੇਤਰ ਨੂੰ ਵਰਤੋਂ ਯੋਗ ਬਣਾਉਣ ਦੇ ਨਾਮ ਹੇਠ ਲਈ ਇਜਾਜ਼ਤ ਉੱਤੇ ਕਥਿਤ ਵਪਾਰਕ ਹਿੱਤ ਸਾਧੇ ਜਾ ਰਹੇ ਹਨ। ਪਹਾੜ ਸਮਤਲ ਹੋਣ ਤੋਂ ਰੋਕਣ, ਜੰਗਲਾਤ ਦੀ ਰਾਖੀ ਅਤੇ ਸਰਕਾਰੀ ਸੰਪਤੀ ਦੇ ਨੁਕਸਾਨ ਨੂੰ ਰੋਕਣ ਲਈ ਜੰਗਲਾਤ ਵਿਭਾਗ ਚੁੱਪ ਹੈ।
ਮੁੱਖ ਮੰਤਰੀ ਸਖ਼ਤ ਹਦਾਇਤਾਂ ਜਾਰੀ ਕਰਨ: ਕਿਸਾਨ ਆਗੂ
ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਪ੍ਰਸ਼ਾਸਨ, ਮਾਈਨਿੰਗ ਅਤੇ ਜੰਗਲਾਤ ਅਧਿਕਾਰੀ ਸਿਆਸੀ ਸਰਪ੍ਰਸਤੀ ਵਾਲੇ ਮਾਈਨਿੰਗ ਮਾਫੀਆ ਦੇ ਦਬਾਅ ਅਧੀਨ ਕੰਮ ਕਰ ਰਹੇ ਹਨ। ਖੇਤੀ ਹਿੱਤਾਂ ਦਾ ਹਵਾਲਾ ਦੇ ਕੇ ਨਾਜਾਇਜ਼ ਖਣਨ ਨਾਲ ਵਪਾਰਕ ਹਿੱਤਾਂ ਲਈ ਤਿਆਰ ਕੀਤੀ ਜਾ ਰਹੀ ਜ਼ਮੀਨ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਦਾ ਸਿੱਧਾ ਦਖਲ ਬਣਦਾ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜੰਗਲਾਤ ਖੇਤਰ ਨੂੰ ਤਬਾਹੀ ਤੋਂ ਰੋਕਣ ਲਈ ਸਖਤ ਹਦਾਇਤਾਂ ਕਰਨ।
ਕੀ ਕਹਿੰਦੇ ਹਨ ਡੀ ਐੱਫ਼ ਓ
ਜੰਗਲਾਤ ਵਿਭਾਗ ਦੇ ਡੀ ਐੱਫ ਓ ਅੰਜਨ ਸਿੰਘ ਨੇ ਕਿਹਾ ਕਿ ਸਬੰਧਤ ਖੁਦਾਈ ਵਾਲੇ ਖੇਤਰ ਉਨ੍ਹਾਂ ਦੇ ਅਧਿਕਾਰ ਖੇਤਰ ਅਧੀਨ ਨਹੀਂ ਆਉਂਦੇ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਖੁਦਾਈ ਵਾਲੀ ਜ਼ਮੀਨ ਦੀ ਵਪਾਰਕ ਵਰਤੋਂ ਤੋਂ ਰੋਕਣ ਬਾਰੇ ਆਪਣੇ ਸੁਝਾਅ ਦਿੱਤੇ ਸਨ। ਇਹ ਇਜਾਜ਼ਤ ਪ੍ਰਸ਼ਾਸਨਿਕ ਪੱਧਰ ’ਤੇ ਮਿਲੀ ਹੈ ਅਤੇ ਪਾਲਣਾ ਕਰਾਉਣ ਲਈ ਮਾਈਨਿੰਗ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕਿ ਮਾਈਨਿੰਗ ਵਿਭਾਗ ਦੇ ਐੱਸ ਡੀ ਓ ਨੇ ਫੋਨ ਅਟੈਂਡ ਨਹੀਂ ਕੀਤਾ।
ਹਦਾਇਤਾਂ ਜਾਰੀ ਕਰਾਂਗੇ: ਐੱਸ ਡੀ ਐੱਮ
ਐੱਸ ਡੀ ਐੱਮ ਮੁਕੇਰੀਆਂ ਮੈਡਮ ਜਯੋਤਸਿਨਾ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਨਾਜਾਇਜ਼ ਖੁਦਾਈ ਸਬੰਧੀ ਹੇਠਲੇ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਕਰਨਗੇ।
ਪੰਜਾਬੀ ਟ੍ਰਿਬਯੂਨ