ਪੰਜਾਬੀ ਯੂਨੀਵਰਸਿਟੀ ਦੇ ਅਧਿਐਨ ਦਾ ਖ਼ੁਲਾਸਾ
25 ਮਾਰਚ, 2026 – ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਇਕ ਅਧਿਐਨ ਵਿੱਚ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰਕ ਸਬੰਧਾਂ ਦੀ ਸਮੀਖਿਆ ਕਰਨ ਅਤੇ ਪੰਜਾਬ ਤੋਂ ਨਿਰਯਾਤ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਪੀਐੱਚ ਡੀ ਅਧਿਐਨ ਮੁਤਾਬਕ ਕੈਨੇਡਾ ਨੂੰ ਭਾਰਤ ਵੱਲੋਂ ਕੀਤਾ ਜਾਂਦਾ ਨਿਰਯਾਤ ਸਾਲ 1995 ਵਿੱਚ 30 ਮਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਸੀ ਜੋ 2024 ’ਚ 4140 ਮਿਲੀਅਨ ਡਾਲਰ ਦੇ ਬਰਾਬਰ ਪੁੱਜ ਗਿਆ।
ਕੈਨੇਡਾ ਤੋਂ ਹੁੰਦਾ ਆਯਾਤ 38 ਮਿਲੀਅਨ ਡਾਲਰ ਤੋਂ 4464 ਮਿਲੀਅਨ ਡਾਲਰ ਦੇ ਬਰਾਬਰ ਪੁੱਜ ਗਿਆ ਹੈ। ਭਾਰਤ ਦਵਾਈਆਂ, ਫਰੋਜਨ ਝੀਂਗੇ, ਗਹਿਣੇ, ਜੈਵਿਕ ਮਿਸ਼ਰਣ, ਚੌਲ, ਹੀਰੇ, ਟੀ-ਸਰਟ, ਪਲਾਸਟਿਕ, ਟਰੈਕਟਰ ਤੇ ਮਸ਼ੀਨਾਂ ਦੇ ਪੁਰਜ਼ੇ ਤੇ ਕਾਸਟ ਆਇਰਨ ਆਦਿ ਕੈਨੇਡਾ ਨੂੰ ਭੇਜਦਾ ਹੈ। ਕੈਨੇਡਾ ਤੋਂ ਸੁੱਕੇ ਮਟਰ, ਕੋਲਾ, ਦਾਲ਼ਾਂ, ਪੋਟਾਸ਼ੀਅਮ ਕਲੋਰਾਈਡ, ਅਖ਼ਬਾਰੀ ਕਾਗਜ਼ ਤੇ ਹੀਰੇ ਮੰਗਵਾਏ ਜਾਂਦੇ ਹਨ।
ਅਰਥ ਸ਼ਾਸਤਰ ਵਿਭਾਗ ਦੇ ਡਾ. ਦਵਿੰਦਰ ਕੁਮਾਰ ਮਦਾਨ ਦੀ ਅਗਵਾਈ ਹੇਠ ਇਹ ਖੋਜ ਕਾਰਜ ਖੋਜਾਰਥਣ ਡਾ. ਮਨਮੀਤ ਕੌਰ ਨੇ ਕੀਤਾ। ਇਸ ਅਨੁਸਾਰ ਕੈਨੇਡਾ ਵਿੱਚ ਰਹਿੰਦੇ 20 ਲੱਖ ਤੋਂ ਵੱਧ ਪੰਜਾਬੀ ਮੂਲ ਦੇ ਲੋਕ ਭਾਰਤੀ ਵਸਤੂਆਂ ਲਈ ਵੱਡਾ ਅਤੇ ਸਥਿਰ ਬਾਜ਼ਾਰ ਹਨ। ਪੰਜਾਬ ਹੁਣ ਸਿਰਫ਼ ਕੱਚਾ ਮਾਲ ਹੀ ਨਹੀਂ, ਸਗੋਂ ਤਿਆਰ ਸਮੱਗਰੀ ਵੀ ਭੇਜ ਰਿਹਾ ਹੈ। ਬਾਸਮਤੀ ਚੌਲ ਪੰਜਾਬ ਤੋਂ ਹੁੰਦੇ ਨਿਰਯਾਤ ਦਾ ਮੁੱਖ ਹਿੱਸਾ ਹਨ। ਹੋਰ ਖੇਤੀਬਾੜੀ ਉਤਪਾਦਾਂ ’ਚ ਅਨਾਜ ਤੋਂ ਬਣੀਆਂ ਵਸਤੂਆਂ ਤੇ ਡੇਅਰੀ ਉਤਪਾਦਾਂ ਦੀ ਮੰਗ ਵੀ ਤੇਜ਼ੀ ਨਾਲ਼ ਵਧੀ ਹੈ। ਕੈਨੇਡਾ ’ਚ ਵੱਸਿਆ ਪੰਜਾਬੀ ਭਾਈਚਾਰਾ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਗੱਲਬਾਤ ਤੇ ਭਾਰਤੀ ਵਸਤਾਂ ਦੀ ਮੰਗ ਪੈਦਾ ਕਰਨ ਵਿੱਚ ਪੁਲ ਦਾ ਕੰਮ ਕਰ ਰਹੇ ਹਨ।
ਪੰਜਾਬੀ ਟ੍ਰਿਬਯੂਨ