‘ਪ੍ਰਗਤੀਸ਼ੀਲ ਕਿਸਾਨ ਪੁਰਸਕਾਰ’ ਨਾਲ ਸਨਮਾਨਿਤ ਹੋ ਚੁੱਕੇ ਹਨ ਕਿਸਾਨ ਗੁਰਨਾਮ ਸਿੰਘ
30 ਮਾਰਚ, 2026 – ਲੁਧਿਆਣਾ : ਪੰਜਾਬ ਵਿੱਚ ਲੰਮੇ ਸਮੇਂ ਤੋਂ ਕਣਕ ਅਤੇ ਝੋਨੇ ਦੀ ਫ਼ਸਲਾਂ ਦਾ ਹੀ ਦਬਦਬਾ ਰਿਹਾ ਹੈ ਪਰ ਇਸ ਰਵਾਇਤੀ ਫ਼ਸਲੀ ਚੱਕਰ, ਵਧਦੀ ਲਾਗਤ, ਘਟਦੀਆਂ ਜ਼ਮੀਨਾਂ ਅਤੇ ਮੌਸਮ ਦੀ ਮਾਰ ਕਾਰਨ ਹੁਣ ਖੇਤੀ ਪਹਿਲਾਂ ਵਾਂਗ ਲਾਹੇਵੰਦ ਨਹੀਂ ਰਹੀ। ਇਸ ਨੂੰ ਦੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀ ਵਿਗਿਆਨ ਕੇਂਦਰਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਡੇਅਰੀ, ਮੁਰਗੀ ਪਾਲਣ, ਬੱਕਰੀ ਪਾਲਣ, ਮੱਛੀ ਪਾਲਣ ਅਤੇ ਮਧੂ ਮੱਖੀ ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।
ਇਸੇ ਤਹਿਤ ਗੁਰਦਾਸਪੁਰ ਦੇ ਪਿੰਡ ਅਬਲਖ਼ੈਰ ਦੇ ਕਿਸਾਨ ਗੁਰਨਾਮ ਸਿੰਘ ਨੇ ਖੇਤੀ ਵਿੱਚ ਬਦਲਾਅ ਦੀ ਮਿਸਾਲ ਪੇਸ਼ ਕੀਤੀ ਹੈ। ਸਿਰਫ਼ 2 ਏਕੜ ਜ਼ਮੀਨ ਹੋਣ ਦੇ ਬਾਵਜੂਦ, ਉਨ੍ਹਾਂ ਨੇ ਕਣਕ-ਝੋਨੇ ਦੇ ਰਵਾਇਤੀ ਚੱਕਰ ਨੂੰ ਛੱਡ ਕੇ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਅਪਣਾਉਣ ਦਾ ਫੈਸਲਾ ਕੀਤਾ ਤਾਂ ਜੋ ਉਹ ਵਧੀਆ ਕਮਾਈ ਕਰ ਸਕਣ।
ਡੇਅਰੀ ਫਾਰਮਿੰਗ ਬਣੀ ਗੁਰਨਾਮ ਸਿੰਘ ਦੀ ਸਫਲਤਾ ਦਾ ਆਧਾਰ
ਗੁਰਨਾਮ ਸਿੰਘ ਦੀ ਤਰੱਕੀ ਦੀ ਸ਼ੁਰੂਆਤ 2016 ਵਿੱਚ ਕੇ.ਵੀ.ਕੇ. ਗੁਰਦਾਸਪੁਰ ਤੋਂ ਸਿਖਲਾਈ ਲੈਣ ਨਾਲ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ 2017-18 ਵਿੱਚ ਡੇਅਰੀ ਦਾ ਕੰਮ ਸ਼ੁਰੂ ਕੀਤਾ। ਅੱਜ ਉਨ੍ਹਾਂ ਕੋਲ ਮੁਰਾਹ ਨਸਲ ਦੀਆਂ ਮੱਝਾਂ ਅਤੇ ਕੱਟੇ-ਵੱਛਿਆਂ ਸਮੇਤ ਕੁੱਲ 26 ਪਸ਼ੂ ਹਨ। ਉਨ੍ਹਾਂ ਦੇ ਫਾਰਮ ਵਿੱਚ ਰੋਜ਼ਾਨਾ ਲਗਪਗ 120-130 ਲਿਟਰ ਦੁੱਧ ਹੁੰਦਾ ਹੈ, ਜਿਸ ਨੂੰ ਉਹ ਸਿੱਧਾ ਗੁਰਦਾਸਪੁਰ ਵਿੱਚ 50 ਤੋਂ 55 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ।
ਗੁਰਨਾਮ ਸਿੰਘ ਨੇ ਕਿਹਾ ਕਿ ਸਫਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ। ਤੁਹਾਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਿੰਮਤ ਹਾਰੇ ਬਿਨਾਂ ਅੱਗੇ ਵਧਦੇ ਰਹਿਣਾ ਪੈਂਦਾ ਹੈ। ਗੁਰਨਾਮ ਸਿੰਘ ਆਪਣੇ ਪਸ਼ੂਆਂ ਦਾ ਬਹੁਤ ਖ਼ਿਆਲ ਰੱਖਦੇ ਹਨ। ਉਨ੍ਹਾਂ ਨੇ ਪਸ਼ੂਆਂ ਦੇ ਰਹਿਣ ਲਈ ਖੁੱਲ੍ਹੇ ਸ਼ੈੱਡ ਬਣਾਏ ਹਨ, ਜਿੱਥੇ ਪੱਖੇ, ਕੂਲਰ, ਫੁਹਾਰੇ ਅਤੇ ਸਾਫ਼ ਪਾਣੀ ਦਾ ਪੂਰਾ ਪ੍ਰਬੰਧ ਹੈ। ਖ਼ਰਚਾ ਘਟਾਉਣ ਅਤੇ ਚੰਗੀ ਗੁਣਵੱਤਾ ਲਈ ਉਹ ਪਸ਼ੂਆਂ ਦੀ ਖ਼ੁਰਾਕ (ਫੀਡ) ਵੀ ਘਰ ਹੀ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਉਹ ਵਧੀਆ ਨਸਲ ਦੇ ਪਸ਼ੂ ਰੱਖਣ ‘ਤੇ ਜ਼ੋਰ ਦਿੰਦੇ ਹਨ ਤਾਂ ਜੋ ਦੁੱਧ ਦੇ ਵਿੱਚ ਵਾਧਾ ਹੋ ਸਕੇ ।
ਗੁਰਨਾਮ ਸਿੰਘ ਡੇਅਰੀ ਦੇ ਨਾਲ-ਨਾਲ 150 ਦੇਸੀ ਮੁਰਗੀਆਂ ਵੀ ਪਾਲ ਰਹੇ ਹਨ। ਦੇਸੀ ਮੁਰਗੇ ਦਾ ਮੀਟ ਆਮ ਮੁਰਗੇ ਨਾਲੋਂ ਦੁੱਗਣੀ ਕੀਮਤ ‘ਤੇ ਵਿਕਦਾ ਹੈ। ਦੇਸੀ ਮੁਰਗੀਆਂ ਦੇ ਆਂਡਿਆਂ ਦੀ ਮੰਗ ਵੀ ਬਹੁਤ ਹੈ, ਜੋ ਗਰਮੀਆਂ ਵਿੱਚ 8-10 ਰੁਪਏ ਅਤੇ ਸਰਦੀਆਂ ਵਿੱਚ 13-15 ਰੁਪਏ ਤੱਕ ਵਿਕ ਜਾਂਦੇ ਹਨ। ਮੁਰਗੀ ਪਾਲਣ ਵਿੱਚ ਮਿਲੀ ਇਸ ਸਫਲਤਾ ਨੂੰ ਦੇਖਦਿਆਂ ਹੁਣ ਉਹ ਇਸ ਕੰਮ ਨੂੰ ਹੋਰ ਵਧਾਉਣ ਦੀ ਤਿਆਰੀ ਕਰ ਰਹੇ ਹਨ।
ਪਿਛਲੇ ਸਾਲ ਗੁਰਨਾਮ ਸਿੰਘ ਨੇ ਆਪਣੇ ਫਾਰਮ ਵਿੱਚ 12 ਬੀਟਲ ਨਸਲ ਦੀਆਂ ਬੱਕਰੀਆਂ ਵੀ ਸ਼ਾਮਲ ਕਰ ਲਈਆਂ ਹਨ। ਇਹ ਬੱਕਰੀਆਂ ਵਧੀਆ ਦੁੱਧ ਦੇਣ ਅਤੇ ਬਾਜ਼ਾਰ ਵਿੱਚ ਮਹਿੰਗੇ ਮੁੱਲ ਵਿਕਣ ਲਈ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਬੱਕਰੀਆਂ ਨੂੰ ਪਾਲ ਕੇ ਉਹ ਚੰਗੀ ਕਮਾਈ ਕਰ ਰਹੇ ਹਨ।
ਏਕੀਕ੍ਰਿਤ ਖੇਤੀ ਮਾਡਲ ਸਦਕਾ ਗੁਰਨਾਮ ਸਿੰਘ ਨੂੰ 2023 ਵਿੱਚ ਗੁਰਦਾਸਪੁਰ ਦੇ ਕਿਸਾਨ ਮੇਲੇ ਵਿੱਚ ‘ਪ੍ਰਗਤੀਸ਼ੀਲ ਕਿਸਾਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਉਹ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਦੇ ਸਾਥ ਅਤੇ ਕੇ.ਵੀ.ਕੇ. (KVK) ਦੇ ਮਾਹਰਾਂ ਦੇ ਮਾਰਗਦਰਸ਼ਨ ਨੂੰ ਦਿੰਦੇ ਹਨ।
ਗੁਰਨਾਮ ਸਿੰਘ ਨੇ ਕਿਹਾ ਕਿ ਥੋੜ੍ਹੀ ਜ਼ਮੀਨ ਹੋਣ ਦੇ ਬਾਵਜੂਦ ਵੀ ਵੱਡੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ। ਜੇਕਰ ਅਸੀਂ ਕੇਵਲ ਇੱਕ ਫ਼ਸਲ ‘ਤੇ ਨਿਰਭਰ ਰਹਿਣ ਦੀ ਬਜਾਏ ਖੇਤੀ ਦੇ ਨਾਲ-ਨਾਲ ਹੋਰ ਕੰਮ ਵੀ ਕਰੀਏ ਅਤੇ ਪਸ਼ੂਆਂ ਦੀ ਚੰਗੀ ਦੇਖਭਾਲ ਕਰੀਏ ਤਾਂ ਇਹ ਫਾਰਮ ਇੱਕ ਪਰਿਵਾਰ ਵਾਂਗ ਬਣ ਜਾਂਦਾ ਹੈ ਜੋ ਕਦੇ ਵੀ ਤੁਹਾਨੂੰ ਆਰਥਿਕ ਪੱਖੋਂ ਨਿਰਾਸ਼ ਨਹੀਂ ਹੋਣ ਦਿੰਦਾ।
ਕੇ.ਵੀ.ਕੇ. ਗੁਰਦਾਸਪੁਰ ਦੇ ਡਾ. ਅੰਕੁਸ਼ ਪਰੋਚ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੇਤੀ ਦੇ ਨਾਲ-ਨਾਲ ਹੋਰ ਕੰਮ ਕਰਨਾ ਛੋਟੇ ਕਿਸਾਨਾਂ ਦੀ ਮਜਬੂਰੀ ਅਤੇ ਲੋੜ ਬਣ ਗਈ ਹੈ। ਗੁਰਨਾਮ ਸਿੰਘ ਦੀ ਮਾਡਲ ਦਿਖਾਉਂਦਾ ਹੈ ਕਿ ਕਿਵੇਂ ਡੇਅਰੀ, ਮੁਰਗੀ ਪਾਲਣ ਅਤੇ ਬੱਕਰੀ ਪਾਲਣ ਨੂੰ ਇਕੱਠੇ ਕਰਕੇ ਕਿਸਾਨ ਹਰ ਮਹੀਨੇ ਪੱਕੀ ਅਤੇ ਵਧੀਆ ਆਮਦਨ ਕਮਾ ਸਕਦੇ ਹਨ। ਕੇ.ਵੀ.ਕੇ. ਗੁਰਦਾਸਪੁਰ ਤੋਂ ਹੀ ਰਾਜਵਿੰਦਰ ਕੌਰ ਨੇ ਕਿਹਾ ਕਿ ਗੁਰਨਾਮ ਸਿੰਘ ਦੀ ਕਾਮਯਾਬੀ ਇਹ ਦੱਸਦੀ ਹੈ ਕਿ ਜੇਕਰ ਛੋਟੇ ਕਿਸਾਨ ਸਿਖਲਾਈ ਲੈਣ, ਨਵੇਂ ਤਰੀਕੇ ਅਪਣਾਉਣ ਅਤੇ ਮਿਹਨਤ ਕਰਨ ਤਾਂ ਉਹ ਵੀ ਸ਼ਾਨਦਾਰ ਤਰੱਕੀ ਕਰ ਸਕਦੇ ਹਨ।
ਪੰਜਾਬੀ ਟ੍ਰਿਬਯੂਨ