ਪਿੰਡ ਕੋਠਾ ਗੁਰੂ ਵਿੱਚ ਬਣੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੋਣ ਕਾਰਨ ਖਿਡਾਰੀਆਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
31 ਮਾਰਚ, 2026 – ਭਗਤਾ ਭਾਈ : ਪਿੰਡ ਕੋਠਾ ਗੁਰੂ ਵਿੱਚ ਬਣੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੋਣ ਕਾਰਨ ਖਿਡਾਰੀਆਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਨੌਜਵਾਨ ਆਗੂ ਗੁਰਲਾਲ ਸਿੰਘ ਲਾਲੀ ਅਤੇ ਹੋਰ ਖਿਡਾਰੀਆਂ ਨੇ ਦੱਸਿਆ ਕਿ ਇਹ ਸਟੇਡੀਅਮ ਕਰੀਬ 40 ਸਾਲ ਪਹਿਲਾਂ ਬਣਿਆ ਸੀ। ਇਥੇ ਮਿਹਨਤ ਕਰਕੇ ਪਿੰਡ ਦੇ ਅਨੇਕਾਂ ਖਿਡਾਰੀਆਂ ਨੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪਿੰਡ ਦੇ ਕਾਫੀ ਨੌਜਵਾਨ ਫੌਜ ਤੇ ਪੁਲੀਸ ਵਿੱਚ ਭਰਤੀ ਹੋਏ ਹਨ।
ਪਿੰਡ ਵਾਸੀ ਸਵੇਰੇ-ਸ਼ਾਮ ਸ਼ੈਰ ਕਰਨ ਲਈ ਇਥੇ ਆਉਂਦੇ ਹਨ। ਪਿੰਡ ਦੇ ਬਾਬਾ ਕੌਲ ਸਾਹਿਬ ਕਲੱਬ ਵੱਲੋਂ ਲਗਾਤਾਰ 40 ਸਾਲ ਪੰਜਾਬ ਪੱਧਰ ਦੇ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਇਹ ਸਟੇਡੀਅਮ ਕਾਫੀ ਨੀਵਾਂ ਹੋ ਚੁੱਕਾ ਹੈ ਤੇ ਬਰਸਾਤ ਦੇ ਦਿਨਾਂ ਵਿੱਚ ਇਸ ਵਿੱਚ ਪਾਣੀ ਭਰ ਜਾਂਦਾ ਹੈ। ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਕਈ-ਕਈ ਦਿਨ ਸੁੱਕਦਾ ਨਹੀਂ।
ਦਰਸ਼ਕਾਂ ਦੇ ਬੈਠਣ ਵਾਲੀਆਂ ਪੌੜੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਗਰਾਊਂਡ ਦੇ ਜਿਮ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਖਿਡਾਰੀਆਂ ਲਈ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਪਿੰਡ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਖਿਡਾਰੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਥੇ ਆਧੁਨਿਕ ਸਹੂਲਤਾਂ ਵਾਲਾ ਖੇਡ ਸਟੇਡੀਅਮ ਬਣਾਇਆ ਜਾਵੇ।
ਪੰਜਾਬੀ ਟ੍ਰਿਬਯੂਨ