CBSE ਨੇ ਨਿਰਦੇਸ਼ ਜਾਰੀ ਕੀਤੇ; ਤਿੰਨ ਪੱਧਰੀ ਪ੍ਰਕਿਰਿਆ ਦੌਰਾਨ ਦੂਜੀ ਵਾਰ ਹੀ ਲਈ ਜਾਵੇਗੀ ਫੀਸ
31 ਮਾਰਚ, 2026 – ਚੰਡੀਗੜ੍ਹ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਕਿ ਦਸਵੀਂ ਕਲਾਸ ਦੀ ਦੂਜੇ ਪੜਾਅ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਤੋਂ ਲਿਸਟ ਆਫ ਕੈਂਡੀਡੇਟਸ (LOC) ਲੈਂਦੇ ਸਮੇਂ ਕੋਈ ਫੀਸ ਨਾ ਲਈ ਜਾਵੇ ਕਿਉਂਕਿ CBSE ਵਲੋਂ ਇਸ ਪ੍ਰੀਖਿਆ ਦਾ ਅਮਲ ਤਿੰਨ ਪੱਧਰੀ ਪ੍ਰਕਿਰਿਆ ਵਿਚ ਮੁਕੰਮਲ ਕਰਨ ਦੀ ਯੋਜਨਾ ਹੈ।
CBSE ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਅੱਜ ਪੱਤਰ ਜਾਰੀ ਕਰਦਿਆਂ ਕਿਹਾ ਕਿ LOC ਦੀ ਪਹਿਲੇ ਪੱਧਰ ’ਤੇ ਵਿਦਿਆਰਥੀਆਂ ਦੇ ਸਿਰਫ ਇਸ ਲਈ ਨਾਂ ਮੰਗੇ ਜਾ ਰਹੇ ਹਨ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਦੂਜੇ ਪੜਾਅ ’ਚ ਕੁੱਲ ਕਿੰਨੇ ਵਿਦਿਆਰਥੀ ਪ੍ਰੀਖਿਆ ਦੇਣਗੇ ਜਦਕਿ ਦੂਜੇ ਤੇ ਤੀਜੇ ਪੜਾਅ ਦੀ ਪ੍ਰਕਿਰਿਆ ਵਿਚ ਵਿਦਿਆਰਥੀਆਂ ਤੋਂ ਫੀਸ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਬੋਰਡ ਨੇ ਦਸਵੀਂ ਕਲਾਸ ਲਈ ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲੀ ਮੁੱਖ ਪ੍ਰੀਖਿਆ ਫਰਵਰੀ-ਮਾਰਚ ਮਹੀਨੇ ਵਿੱਚ ਹੋ ਰਹੀ ਹੈ। ਇਹ ਪ੍ਰੀਖਿਆ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਹੈ। ਦੂਜੀ ਪ੍ਰੀਖਿਆ ਮਈ-ਜੂਨ ਵਿਚ ਲਈ ਜਾਵੇਗੀ। ਜੇਕਰ ਕੋਈ ਵਿਦਿਆਰਥੀ ਆਪਣੇ ਪਹਿਲੀ ਪ੍ਰੀਖਿਆ ਦੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੈ ਜਾਂ ਕਿਸੇ ਵਿਸ਼ੇ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ ਤਾਂ ਉਹ ਮਈ ਜਾਂ ਜੂਨ ਵਿੱਚ ਹੋਣ ਵਾਲੀ ਦੂਜੀ ਪ੍ਰੀਖਿਆ ਵਿੱਚ ਬੈਠ ਸਕਦਾ ਹੈ।
ਪ੍ਰੀਖਿਆ ਅਮਲ ਪੂਰਾ ਨਾ ਹੋਣ ’ਤੇ ਸੁਰੱਖਿਅਤ ਰੱਖੇ ਜਾਣ ਪ੍ਰਸ਼ਨ ਪੱਤਰ
CBSE ਨੇ ਅੱਜ ਦੂਜਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਇਹ ਪਤਾ ਲੱਗਿਆ ਹੈ ਕਿ ਇਕ ਦਿਨ ਵਿਚ ਪ੍ਰੀਖਿਆ ਅਮਲ ਮੁਕੰਮਲ ਹੋਣ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਕਈ ਵਾਰ ਵੈੱਬਸਾਈਟਾਂ ’ਤੇ ਅਪਲੋਡ ਕਰ ਦਿੱਤੇ ਜਾਂਦੇ ਹਨ ਪਰ ਅਜਿਹਾ ਅਮਲ ਗਲਤ ਹੈ। ਪੱਤਰ ਮੁਤਾਬਕ ਜਦੋਂ ਪ੍ਰੀਖਿਆ ਸ਼ੁਰੂ ਹੁੰਦੀ ਹੈ ਤਾਂ ਇਹ ਪ੍ਰਸ਼ਨ ਪੱਤਰ ਵਿਸ਼ਾ ਮਾਹਿਰ ਨੂੰ ਵੀ ਨਾ ਦਿੱਤੇ ਜਾਣ ਤੇ ਨਾ ਹੀ ਉਸ ਵੇਲੇ ਇਸ ਦਾ ਮੁਲਾਂਕਣ ਕਰਵਾਇਆ ਜਾਵੇ। ਇਸ ਨੂੰ ਸੁਰੱਖਿਅਤ ਰੱਖਿਆ ਜਾਵੇ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਟ੍ਰਿਬਯੂਨ