ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੀ ਐਮਰਜੈਂਸੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪਹਿਲੀ ਅਪਰੈਲ ਤੋਂ ਫਗਵਾੜਾ ਦੀਆਂ ਸਾਰੀਆਂ ਅਨਾਜ ਮੰਡੀਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ…
01 ਅਪ੍ਰੈਲ 2026 : ਫਗਵਾੜਾ : ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੀ ਐਮਰਜੈਂਸੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪਹਿਲੀ ਅਪਰੈਲ ਤੋਂ ਫਗਵਾੜਾ ਦੀਆਂ ਸਾਰੀਆਂ ਅਨਾਜ ਮੰਡੀਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ 16 ਮਾਰਚ ਨੂੰ ਮੱਖੂ ਮੰਡੀ (ਫ਼ਿਰੋਜ਼ਪੁਰ) ’ਚ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਜਨਰਲ ਇਜਲਾਸ ਬੁਲਾਇਆ ਗਿਆ ਸੀ। ਇਸ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਸੀ ਕਿ ਜੇ ਪੰਜਾਬ ਸਰਕਾਰ ਨੇ ਸਮੇਂ ਸਿਰ ਆੜ੍ਹਤੀਆਂ ਦੀਆਂ ਰਹਿੰਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਤਹਿਤ ਫਗਵਾੜਾ ਦੀ ਹੁਸ਼ਿਆਰਪੁਰ ਰੋਡ ਸਥਿਤ ਮੁੱਖ ਅਨਾਜ ਮੰਡੀ ਤੋਂ ਇਲਾਵਾ ਰਿਹਾਣਾ ਜੱਟਾਂ, ਪਾਂਛਟ, ਵਾਹਦ, ਰਾਣੀਪੁਰ ਆਦਿ ਕਿਸੇ ਵੀ ਮੰਡੀ ’ਚ ਕਣਕ ਦੀ ਖ਼ਰੀਦ ਨਹੀਂ ਹੋਵੇਗੀ। ਨਾ ਤਾਂ ਪ੍ਰਾਈਵੇਟ ਤੇ ਨਾ ਹੀ ਸਰਕਾਰੀ ਏਜੰਸੀਆਂ ਵੱਲੋਂ ਕੋਈ ਖ਼ਰੀਦ ਕੀਤੀ ਜਾਵੇਗੀ। ਆੜ੍ਹਤੀ ਆਪਣੀਆਂ ਦੁਕਾਨਾਂ ਦੇ ਬਾਹਰ ਕਾਲੇ ਝੰਡੇ ਲਗਾ ਕੇ ਵਿਰੋਧ ਦਰਜ ਕਰਵਾਉਣਗੇ। ਆੜ੍ਹਤੀ ਆਪਣੀ ਆੜ੍ਹਤ ਪਹਿਲਾਂ ਵਾਂਗ ਢਾਈ ਫ਼ੀਸਦੀ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਨੇ ਆੜ੍ਹਤ ਨੂੰ 46 ਰੁਪਏ ਪ੍ਰਤੀ ਕਵਿੰਟਲ ਤੋਂ ਵਧਾ ਕੇ ਕੇਵਲ 50 ਰੁਪਏ 74 ਪੈਸੇ ਕੀਤਾ ਹੈ ਜੋ ਨਾ ਮਨਜ਼ੂਰ ਹੈ।
ਉਨ੍ਹਾਂ ਨੇ ਐੱਫ ਸੀ ਆਈ ਵੱਲੋਂ 55 ਕਰੋੜ ਰੁਪਏ ਅਤੇ ਪੰਜਾਬ ਸਰਕਾਰ ਵੱਲੋਂ 3 ਕਰੋੜ ਰੁਪਏ ਦੀ ਕੀਤੀ ਗਈ ਈ ਪੀ ਐੱਫ ਕਟੌਤੀ ਨੂੰ ਵੀ ਤੁਰੰਤ ਵਾਪਸ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮੰਡੀਆਂ ’ਚ ਦੁਕਾਨਾਂ ਦੀ ਵਨ-ਟਾਈਮ ਸੈਟਲਮੈਂਟ, ਠੇਕੇਦਾਰਾਂ ਵੱਲੋਂ ਘੱਟ ਰੇਟ ’ਤੇ ਟੈਂਡਰ ਲੈ ਕੇ ਆੜ੍ਹਤੀਆਂ ਦਾ ਸ਼ੋਸ਼ਣ ਅਤੇ ਖ਼ਰੀਦ ਏਜੰਸੀਆਂ ਵੱਲੋਂ ਚੁਕਾਈ ਵਿੱਚ ਹੋ ਰਹੀ ਦੇਰੀ ਵਰਗੇ ਮੁੱਦੇ ਵੀ ਵਾਰ-ਵਾਰ ਸਰਕਾਰਾਂ ਦੇ ਸਾਹਮਣੇ ਰੱਖੇ ਗਏ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਮੂਹ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਏਕਤਾ ਬਣਾਈ ਰੱਖਣ ਤਾਂ ਜੋ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਮੀਟਿੰਗ ਦੌਰਾਨ ਮੌਜੂਦ ਆੜ੍ਹਤੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਹਰ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਪੁਨੀਤ ਕੁਮਾਰ, ਅਸ਼ਵਨੀ ਕੁਮਾਰ, ਵਿਕਾਸ ਬਾਂਸਲ, ਸਨੀ, ਪਰਗਟ ਸਿੰਘ, ਪ੍ਰਮੋਦ ਦੁੱਗਲ, ਆਸ਼ੂ ਅਰੋੜਾ, ਰਾਜੀਵ ਗੁਪਤਾ, ਦੀਪਕ ਗੁਪਤਾ, ਵਿਨੀਸ਼ ਸੂਦ, ਸ਼ਿਵ ਕੁਮਾਰ ਅਗਰਵਾਲ, ਤਰਸੇਮ ਸਿੰਘ ਭੋਗਲ, ਅਰੁਣ ਕਲੂਚਾ, ਨਵੀਨ ਕੁਮਾਰ, ਅਨਿਲ ਗੁਪਤਾ ਆਦਿ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/doaba/arhtiyas-announce-indefinite-closure-of-markets/
ਆੜ੍ਹਤੀਏ ਅੱਜ ਤੋਂ ਹੜਤਾਲ ’ਤੇ
ਕਣਕ ਦੀ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਹੀ ਸਰਕਾਰ ਲਈ ਨਵੀਂ ਮੁਸ਼ਕਲ
ਚੰਡੀਗੜ੍ਹ ; ਪੰਜਾਬ ’ਚ ਆੜ੍ਹਤੀਆਂ ਵੱਲੋਂ ਹੜਤਾਲ ਦੇ ਐਲਾਨ ਨੇ ਭਲਕ ਤੋਂ ਕਣਕ ਦੀ ਸ਼ੁਰੂ ਹੋ ਰਹੀ ਸਰਕਾਰੀ ਖ਼ਰੀਦ ਦੇ ਮਾਮਲੇ ’ਚ ਪੰਜਾਬ ਸਰਕਾਰ ਲਈ ਨਵੀਂ ਮੁਸ਼ਕਲ ਪੈਦਾ ਕਰ ਦਿੱਤੀ ਹੈ। ਭਲਕ ਤੋਂ ਪੰਜਾਬ ਭਰ ’ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ; ਹਾਲਾਂਕਿ ਖ਼ਰਾਬ ਮੌਸਮ ਕਾਰਨ ਮੰਡੀਆਂ ’ਚ ਕਣਕ ਦੀ ਆਮਦ ਨਾਮਾਤਰ ਰਹਿਣ ਦੀ ਸੰਭਾਵਨਾ ਹੈ ਪਰ ਆੜ੍ਹਤੀਆਂ ਦੇ ਪਹਿਲੀ ਅਪਰੈਲ ਤੋਂ ਹੜਤਾਲ ’ਤੇ ਜਾਣ ਦੇ ਫ਼ੈਸਲੇ ਨਾਲ ਸਰਕਾਰ ਨੂੰ ਨਜਿੱਠਣਾ ਪਵੇਗਾ। ਪੰਜਾਬ ਸਰਕਾਰ ਨੇ ਖ਼ਰੀਦ ਪ੍ਰਬੰਧ ਤਾਂ 132 ਲੱਖ ਮੀਟਰਿਕ ਟਨ ਦੇ ਕੀਤੇ ਹਨ ਪਰ ਸਰਕਾਰੀ ਖ਼ਰੀਦ ਦਾ ਟੀਚਾ 122 ਲੱਖ ਮੀਟਰਿਕ ਟਨ ਦਾ ਮਿੱਥਿਆ ਗਿਆ ਹੈ।
ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਕੁੱਝ ਦਿਨ ਪਹਿਲਾਂ ਹੀ ਆੜ੍ਹਤੀਏ ਦੀ ਆੜ੍ਹਤ ’ਚ 4.74 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ ਜਿਸ ਨਾਲ ਹੁਣ ਇਹ ਆੜ੍ਹਤ ਵਧ ਕੇ ਪ੍ਰਤੀ ਕੁਇੰਟਲ 50.74 ਰੁਪਏ ਹੋ ਗਈ ਹੈ। ਪੰਜਾਬ ਦੇ ਆੜ੍ਹਤੀਆਂ ਨੇ 16 ਮਾਰਚ ਨੂੰ ਮੱਖੂ ’ਚ ਇਕੱਠ ਕਰਨ ਮਗਰੋਂ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਸਮੂਹ ਨਾਲ 17 ਮਾਰਚ ਨੂੰ ਚੰਡੀਗੜ੍ਹ ’ਚ ਇੱਕ ਮੀਟਿੰਗ ਵੀ ਕੀਤੀ ਸੀ। ਇਸ ਮੀਟਿੰਗ ’ਚ ਆੜ੍ਹਤੀਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਅਗਰ 31 ਮਾਰਚ ਤੋਂ ਪਹਿਲਾਂ ਢਾਈ ਫ਼ੀਸਦੀ ਆੜ੍ਹਤ ਨਾ ਦਿੱਤੀ ਗਈ ਤਾਂ ਉਹ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਗੇ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/nation/brokers-on-strike-from-today/