ਆੜ੍ਹਤੀਆਂ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਖਰੀਦ ਦਾ ਬਾਈਕਾਟ
03 ਅਪ੍ਰੈਲ, 2026 – ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੇ ਜਾਂਦੀ ਖੰਨਾ ਮੰਡੀ ਵਿਚ ਇਕ ਵੀ ਕਣਕ ਦਾ ਦਾਣਾ ਨਹੀਂ ਪੁੱਜਿਆ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਅਪਰੈਲ ਤੋਂ ਕਣਕ ਦੀ ਨਵੀਂ ਫਸਲ ਦੀ ਖਰੀਦ ਦਾ ਐਲਾਨ ਕੀਤਾ ਗਿਆ ਸੀ। ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਅਤੇ ਸਕੱਤਰ ਕਮਲਦੀਪ ਸਿੰਘ ਮਾਨ ਅਨੁਸਾਰ ਖੰਨਾ ਦੀਆਂ ਮੰਡੀਆਂ ਵਿਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਮੰਡੀ ਵਿਚ ਸਫ਼ਾਈ, ਪੀਣ ਵਾਲਾ ਪਾਣੀ, ਬਾਥਰੂਮਾਂ, ਕਿਸਾਨਾਂ ਦੇ ਠਹਿਰਣ ਤੋਂ ਇਲਾਵਾ ਬਾਰਦਾਨੇ ਦਾ ਪੂਰਾ ਪ੍ਰਬੰਧ ਹੈ, ਪਰ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਖਰਾਬ ਮੌਸਮ ਕਾਰਨ ਕਣਕ ਦੀ ਵਾਢੀ ਵਿਚ ਦੇਰੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਆਮਦ 10 ਅਪਰੈਲ ਤੋਂ ਬਾਅਦ ਹੀ ਆਉਣ ਦੀ ਸੰਭਾਵਨਾ ਹੈ। ਜਗਤਾਰ ਸਿੰਘ ਗਿੱਲ ਅਤੇ ਮਾਨ ਅਨੁਸਾਰ ਇਸ ਮੰਡੀ ਵਿਚ ਪਿਛਲੇ ਵਰ੍ਹੇ 10,43,944 ਕੁਇੰਟਲ ਕਣਕ ਪੁੱਜੀ ਸੀ ਅਤੇ ਇਸ ਵਰ੍ਹੇ 11 ਲੱਖ ਕੁਇੰਟਲ ਫਸਲ ਪੁੱਜਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈੱਡ, ਵੇਅਰ ਹਾਊਸ ਕਾਰਪੋਰੇਸ਼ਨ, ਪਨਸਪ ਤੋਂ ਇਲਾਵਾ ਪ੍ਰਾਈਵੇਟ ਏਜੰਸੀਆਂ ਵੱਲੋਂ ਵੀ ਖਰੀਦ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
ਇਸ ਦੌਰਾਨ ਮੰਡੀ ਦੇ ਸਮੁੱਚੇ ਆੜ੍ਹਤੀਆਂ ਵੱਲੋਂ ਆਪਣੀਆਂ ਹੱਕੀਂ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ ਗਿਆ। ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਜਦੋਂ ਤੱਕ ਪੰਜਾਬ ਸਰਕਾਰ ਆੜ੍ਹਤੀਆਂ ਦਾ ਬਣਦਾ ਢਾਈ ਫੀਸਦੀ ਆੜ੍ਹਚ ਦੇਣ ਦਾ ਐਲਾਨ ਨਹੀਂ ਕਰਦੀ ਉਦੋਂ ਤੱਕ ਪੰਜਾਬ ਦੀਆਂ ਮੰਡੀਆਂ ਵਿਚ ਸਮੁੱਚੇ ਆੜ੍ਹਤੀ ਹੜਤਾਲ ਜਾਰੀ ਰੱਖਣਗੇ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਤੂਬਰ 2024 ਵਿਚ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਆੜ੍ਹਤ ਵਿਚ ਸੂਬਾ ਸਰਕਾਰ ਵੱਲੋਂ ਵਿੱਤੀ ਹਿੱਸੇਦਾਰੀ ਪਾ ਕੇ ਆੜ੍ਹਤੀਆਂ ਨੂੰ ਪੂਰੀ ਢਾਈ ਫੀਸਦੀ ਆੜ੍ਹਤ ਦੇਣਗੇ, ਪਰ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ।
ਪੰਜਾਬੀ ਟ੍ਰਿਬਯੂਨ