Cheif Minister ਵੱਲੋਂ ਆੜ੍ਹਤੀਏ ਨੂੰ ਹਰਿਆਣਾ ’ਚ ਹੀ ਆੜ੍ਹਤ ਕਰਨ ਦਾ ਮਿਹਣਾ
04 ਅਪ੍ਰੈਲ, 2026 – ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜਤਾਲੀ ਆੜ੍ਹਤੀਆਂ ਨੂੰ ਸਿੱਧਾ ਆਖ ਦਿੱਤਾ ਹੈ ਕਿ ਜੇ ਹਰਿਆਣਾ ਦੇ ਮੁੱਖ ਮੰਤਰੀ ਕੋਲ ਜਾ ਕੇ ਹੀ ਪੰਜਾਬ ਦੀ ਚਿੰਤਾ ਕਰਨੀ ਹੈ ਤਾਂ ਪੰਜਾਬ ਦੇ ਆੜ੍ਹਤੀਏ ਹਰਿਆਣਾ ’ਚ ਆੜ੍ਹਤ ਕਰ ਲੈਣ। ਆੜ੍ਹਤੀਏ ਹਰ ਮਾਮਲੇ ’ਚ ਹਰਿਆਣਾ ਨੂੰ ਖਿੱਚ ਲਿਆਉਂਦੇ ਹਨ, ਜਦੋਂ ਕਿ ਹਰਿਆਣਾ ’ਚ ਸੰਗਰੂਰ ਜ਼ਿਲ੍ਹੇ ਦੇ ਬਰਾਬਰ ਹੀ ਪੈਦਾਵਾਰ ਹੁੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਹਰਿਆਣਾ ’ਚ ਤਾਂ ਖੇਤੀ ਤੇ ਘਰੇਲੂ ਖੇਤਰ ਲਈ ਬਿਜਲੀ ਮੁਆਫ਼ੀ ਵੀ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆੜ੍ਹਤੀਆਂ ਦੀ ਆੜ੍ਹਤ ਦਾ ਮਾਮਲਾ, ਉਹ ਕੇਂਦਰ ਕੋਲ ਤਿੰਨ-ਚਾਰ ਵਾਰ ਉਠਾ ਚੁੱਕੇ ਹਨ। ਮੁੱਖ ਮੰਤਰੀ ਹੁਣ ਆੜ੍ਹਤੀਆਂ ਦੀ ਹੜਤਾਲ ਨੂੰ ਲੈ ਕੇ ਸਖ਼ਤ ਰੌਂਅ ’ਚ ਨਜ਼ਰ ਆ ਰਹੇ ਹਨ ਅਤੇ ਆੜ੍ਹਤੀਆਂ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਦੀ ਗੱਲ ਵੀ ਆਖ ਚੁੱਕੇ ਹਨ। ਆਉਂਦੇ ਦਿਨਾਂ ਵਿੱਚ ਮੰਡੀਆਂ ’ਚ ਕਣਕ ਦੀ ਜਿਣਸ ਦੀ ਆਮਦ ਤੇਜ਼ ਹੋਣੀ ਹੈ।
ਹੁਣ ਨਜ਼ਰਾਂ ਮੁੱਖ ਮੰਤਰੀ ਵੱਲੋਂ 6 ਅਪਰੈਲ ਨੂੰ ਆੜ੍ਹਤੀਆਂ ਦੀ ਸੱਦੀ ਮੀਟਿੰਗ ’ਤੇ ਟਿਕੀਆਂ ਹਨ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ’ਚ ਢਾਈ ਫ਼ੀਸਦ ਆੜ੍ਹਤ ਦੀ ਮੰਗ ਨੂੰ ਲੈ ਕੇ ਪਹਿਲੀ ਅਪਰੈਲ ਤੋਂ ਪੰਜਾਬ ਦੇ ਆੜ੍ਹਤੀਆਂ ਨੇ ਹੜਤਾਲ ਕੀਤੀ ਹੋਈ ਹੈ।
ਪੰਜਾਬ ਦੇ ਮੁੱਖ ਮੰਤਰੀ ਨਾਲ ਮਸਲਾ ਨਜਿੱਠਣ ਲਈ ਮੀਟਿੰਗ ਕਰਨ ਤੋਂ ਬਾਅਦ ਆੜ੍ਹਤੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਦੋ ਦਿਨ ਪਹਿਲਾਂ ਮੀਟਿੰਗ ਕੀਤੀ ਸੀ ਤਾਂ ਕਿ ਕੇਂਦਰ ਸਰਕਾਰ ਤੱਕ ਪਹੁੰਚ ਬਣਾਈ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਸੈਣੀ ਕੋਲ ਆੜ੍ਹਤੀਆਂ ਵੱਲੋਂ ਜ਼ਾਹਰ ਕੀਤੇ ਫ਼ਿਕਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਆੜ੍ਹਤੀਏ ਹਰਿਆਣਾ ਦੇ ਮੁੱਖ ਮੰਤਰੀ ਕੋਲ ਚਿੰਤਾ ਕਰਨ ਦੀ ਥਾਂ ਆਪਣੇ ਮੁੱਦੇ ਉਠਾਉਂਦੇ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਜਲਦੀ ਹਰਿਆਣਾ ’ਚ ਆਪਣੇ ਸਿਆਸੀ ਪ੍ਰੋਗਰਾਮ ਉਲੀਕ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀਆਂ ਤੋਂ 9 ਅਪਰੈਲ ਜਾਂ 11 ਅਪਰੈਲ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ।
ਪੰਜਾਬੀ ਟ੍ਰਿਬਯੂਨ