ਖਣਨ ਦਾ ਵਿਰੋਧ ਕਰਨ ਵਾਲਾ ਪੁਲੀਸ ਨੇ ਥਾਣੇ ਡੱਕਿਆ; ਦੇਰ ਸ਼ਾਮ ਰਾਜ਼ੀਨਾਮਾ ਕਰਵਾ ਕੇ ਛੱਡਿਆ
04 ਅਪ੍ਰੈਲ, 2026 – ਤਲਵਾਡਾ : ਕਸਬਾ ਦਾਤਾਰਪੁਰ ਅਧੀਨ ਆਉਂਦੇ ਪਿੰਡ ਦੰਮੋਵਾਲ ਦੇ ਸਰਪੰਚ ’ਤੇ ਖੇਡ ਮੈਦਾਨ ਬਣਾਉਣ ਦੀ ਆੜ ਹੇਠ ਪੰਚਾਇਤੀ ਜ਼ਮੀਨ ’ਚੋਂ ਨਾਜਾਇਜ਼ ਖਣਨ ਕਰਵਾਉਣ ਦੇ ਦੋਸ਼ ਲੱਗੇ ਹਨ। ਪੁਲੀਸ ਨੇ ਪੰਚਾਇਤ ਦੀ ਸ਼ਿਕਾਇਤ ’ਤੇ ਸਾਬਕਾ ਸਰਪੰਚ ਦੇ ਭਤੀਜੇ ਨੂੰ ਘਰੋਂ ਚੁੱਕ ਲਿਆ ਅਤੇ ਦੇਰ ਸ਼ਾਮ ਰਾਜ਼ੀਨਾਮਾ ਕਰਵਾ ਕੇ ਛੱਡ ਦਿੱਤਾ। ਪਿੰਡ ਵਾਸੀਆਂ ਨੇ ਸਰਪੰਚ ’ਤੇ ਰਾਤ ਸਮੇਂ ਖਣਨ ਕਰਵਾਉਣ ਦੇ ਦੋਸ਼ ਲਾਏ ਹਨ।
ਸਾਬਕਾ ਸਰਪੰਚ ਰੀਟਾ ਦੇਵੀ ਨੇ ਦੱਸਿਆ ਕਿ ਸਰਪੰਚ ਰਮਨਦੀਪ ਸਿੰਘ ਰਾਤ ਸਮੇਂ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਖਣਨ ਕਰਵਾ ਰਿਹਾ ਹੈ। ਖਣਨ ਸਮੱਗਰੀ ਰੇਲਵੇ ਨੂੰ ਭਰਤ ਪਾਉਣ ਲਈ ਵੇਚੀ ਜਾ ਰਹੀ ਹੈ। ਪਿੰਡ ਵਾਸੀ ਇੰਦਰਜੀਤ ਸਿੰਘ, ਸਰਵਨ ਸਿੰਘ, ਮੁਕੇਸ਼ ਕੁਮਾਰ, ਹਰੀਸ਼ ਕੁਮਾਰ, ਰੋਹਿਤ ਸਿੰਘ, ਜਸਵੀਰ ਸਿੰਘ ਆਦਿ ਨੇ ਸਰਪੰਚ ਰਮਨਦੀਪ ਸਿੰਘ ’ਤੇ ਪੰਚਾਇਤੀ ਰਕਬੇ ’ਚੋਂ ਨਾਜਾਇਜ਼ ਖਣਨ ਕਰਵਾਉਣ ਦੇ ਦੋਸ਼ ਲਾਏ ਹਨ। ਪਿੰਡ ਵਿੱਚ ਸਰਪੰਚ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਕਰਨ ਵਾਲਿਆਂ ਦੀ ਅਗਵਾਈ ਸਾਬਕਾ ਸਰਪੰਚ ਦਾ ਭਤੀਜਾ ਰਾਹੁਲ ਕਰ ਰਿਹਾ ਹੈ। ਸਰਪੰਚ ਰਮਨਦੀਪ ਸਿੰਘ ਨੇ ਰਾਹੁਲ ਖ਼ਿਲਾਫ਼ ਪੁਲੀਸ ਕੋਲ ਉਸ ਖ਼ਿਲਾਫ਼ ਦਰਜ ਕਰਵਾਈ। ਇਸ ਮਗਰੋਂ ਪੁਲੀਸ ਨੇ ਰਾਹੁਲ ਨੂੰ ਅੱਜ ਦੁਪਹਿਰ ਸਮੇਂ ਘਰ ਤੋਂ ਹਿਰਾਸਤ ’ਚ ਲੈ ਲਿਆ। ਦੇਰ ਸ਼ਾਮ ਪੁਲੀਸ ਨੇ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਮਾ ਕਰਵਾ ਕੇ ਰਾਹੁਲ ਨੂੰ ਛੱਡ ਦਿੱਤਾ।
ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਦਸੂਹਾ ਦੇ ਇੰਚਾਰਜ ਰਘੂਨਾਥ ਸਿੰਘ ਰਾਣਾ ਨੇ ਕਿਹਾ ਕਿ ਜੇ ਸਰਪੰਚ ਰਮਨਦੀਪ ਸਿੰਘ ਸਬੰਧਤ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਕੰਮ ਕਰ ਰਹੇ ਹਨ ਤਾਂ ਉਹ ਰਾਤ ਸਮੇਂ ਖੁਦਾਈ ਕਿਉਂ ਕਰਵਾ ਰਹੇ ਹਨ। ਉਨ੍ਹਾਂ ਪੁਲੀਸ ਦੀ ਕਾਰਵਾਈ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਡੀ ਸੀ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਦਖ਼ਲ ਦੀ ਮੰਗ ਕੀਤੀ ਹੈ।
ਖਣਨ ਦੇ ਦੋਸ਼ ਬੇਬੁਨਿਆਦ: ਸਰਪੰਚ
ਸਰਪੰਚ ਰਮਨਦੀਪ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਸੇ ਜ਼ਮੀਨ ਵਿੱਚ ਖਣਨ ਨਹੀਂ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਖਣਨ ਬਾਰੇ ਕੁਝ ਪਤਾ ਹੈ।
ਖਣਨ ਬਾਰੇ ਜਾਣਕਾਰੀ ਨਹੀਂ: ਬੀ ਡੀ ਪੀ ਓ
ਬੀ ਡੀ ਪੀ ਓ ਤਲਵਾੜਾ ਬਿਕਰਮ ਸਿੰਘ ਨੇ ਪਿੰਡ ਦਮੋਵਾਲ ’ਚ ਪੰਚਾਇਤੀ ਰਕਬੇ ’ਚੋਂ ਖਣਨ ਹੋਣ ਸਬੰਧੀ ਜਾਣਕਾਰੀ ਨਾ ਹੋਣ ਦੀ ਗੱਲ ਆਖ ਕੇ ਫੋਨ ਕੱਟ ਦਿੱਤਾ।
ਪੰਜਾਬੀ ਟ੍ਰਿਬਯੂਨ